ਨਵੀਂ ਦਿੱਲੀ, ਕੌਮੀ ਰਾਜਧਾਨੀ ਦੀ ਹਵਾ ਦਾ ਮਿਆਰ ਇਸ ਸਮੇਂ ਗੰਭੀਰ ਪੱਧਰ ’ਤੇ ਹੈ ਪਰ ਭਾਰਤ ਦੇ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬੰਗਲਾਦੇਸ਼ ਖ਼ਿਲਾਫ਼ ਤਿੰਨ ਨਵੰਬਰ ਨੂੰ ਇੱਥੇ ਹੋਣ ਵਾਲੇ ਪਹਿਲੇ ਟੀ-20 ਮੈਚ ਦੌਰਾਨ ਪ੍ਰਦੂਸ਼ਣ ਸਬੰਧੀ ਕੋਈ ਸਮੱਸਿਆ ਹੋਵੇਗੀ। ਦੂਜੇ ਪਾਸੇ ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ ਨੂੰ ਆਪਣੀ ਟੀਮ ਨਾਲ ਪਹਿਲੇ ਅਭਿਆਸ ਸੈਸ਼ਨ ਦੌਰਾਨ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਥੋੜੇ ਸਮੇਂ ਲਈ ਚਿਹਰੇ ’ਤੇ ਮਾਸਕ ਲਗਾ ਕੇ ਖੇਡਦੇ ਦੇਖਿਆ ਗਿਆ। ਹਾਲਾਂਕਿ ਰੋਹਿਤ ਸ਼ਰਮਾ ਨੇ ਇਸ ਚਿੰਤਾ ਨੂੰ ਖਾਰਜ ਕਰ ਦਿੱਤਾ ਹੈ।
ਬੀਸੀਸੀਆਈ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਮੈਚ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ ਭਾਵੇਂ ਕ੍ਰਿਕਟਰ ਤੋਂ ਨੇਤਾ ਬਣੇ ਗੌਤਮ ਗੰਭੀਰ ਨੇ ਹਵਾ ਦੀ ਗੁਣਵੱਤਾ ਦਾ ਮੁੱਦਾ ਚੁੱਕਿਆ ਹੈ। ਵਿਰਾਟ ਕੋਹਲੀ ਦੀ ਗ਼ੈਰ ਹਾਜ਼ਰੀ ’ਚ ਰੋਹਿਤ ਤਿੰਨ ਮੈਚਾਂ ਦੀ ਲੜੀ ’ਚ ਟੀਮ ਦੀ ਅਗਵਾਈ ਕਰੇਗਾ। ਉਨ੍ਹਾਂ ਇੱਥੇ ਇਸ ਸਮਾਗਮ ਦੌਰਾਨ ਕਿਹਾ, ‘ਮੈਂ ਹੁਣੇ ਹੀ ਇੱਥੇ ਆਇਆ ਹਾਂ ਅਤੇ ਮੈਨੂੰ ਹਵਾ ਦੇ ਮਿਆਰ ਦਾ ਅਨੁਮਾਨ ਲਾਉਣ ਦਾ ਸਮਾਂ ਨਹੀਂ ਮਿਲਿਆ ਹੈ। ਜਿੱਥੇ ਤੱਕ ਮੈਂ ਜਾਣਦਾ ਹਾਂ ਮੈਚ ਤਿੰਨ ਨਵੰਬਰ ਨੂੰ ਖੇਡਿਆ ਜਾਵੇਗਾ।’ ਉਨ੍ਹਾਂ ਕਿਹਾ, ‘ਅਸੀਂ ਜਦੋਂ ਇੱਥੇ ਸ੍ਰੀਲੰਕਾ ਖ਼ਿਲਫ਼ ਟੈਸਟ ਮੈਚ ਖੇਡਿਆ ਸੀ ਤਾਂ ਵੀ ਸਾਨੂੰ ਕੋਈ ਸਮੱਸਿਆ ਨਹੀਂ ਹੋਈ ਸੀ। ਅਸੀਂ ਚਰਚਾ ਬਾਰੇ ਵਾਕਫ ਵੀ ਨਹੀਂ ਹਾਂ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੋਵੇਗੀ।’
ਰੋਹਿਤ 2017 ’ਚ ਸ੍ਰੀਲੰਕਾ ਦੀ ਟੀਮ ਦੇ ਦੌਰੇ ਦਾ ਜ਼ਿਕਰ ਕਰ ਰਿਹਾ ਸੀ ਜਿਸ ’ਚ ਮਹਿਮਾਨ ਟੀਮ ਦੇ ਖਿਡਾਰੀਆਂ ਨੇ ਤੀਜੇ ਟੈਸਟ ਮੈਚ ਦੌਰਾਨ ਮਾਸਕ ਪਾਏ ਸੀ। ਧੁੰਦ ਕਾਰਨ ਕਰੀਬ 20 ਮਿੰਟ ਲਈ ਮੈਚ ਰੋਕਿਆ ਵੀ ਗਿਆ ਸੀ ਅਤੇ ਉਸ ਸਮੇਂ ਹਵਾ ਦਾ ਮਿਆਰ ਬਹੁ ਖਰਾਬ ਸੀ। ਲਿਟਨ ਨੇ ਕਰੀਬ 10 ਮਿੰਟ ਲਈ ਟੀਮ ਦੇ ਅਭਿਆਸ ਦੌਰਾਨ ਸ਼ੁਰੂ ’ਚ ਮਾਸਕ ਪਾਇਆ ਪਰ ਨੈੱਟ ’ਤੇ ਬੱਲੇਬਾਜ਼ੀ ਦੌਰਾਨ ਉਨ੍ਹਾਂ ਅਜਿਹਾ ਨਹੀਂ ਕੀਤਾ। ਹਾਲਾਂਕਿ ਕੋਈ ਵੀ ਹੋਰ ਖਿਡਾਰੀ ਮਾਸਕ ਪਹਿਨੇ ਹੋਏ ਦਿਖਾਈ ਨਹੀਂ ਦਿੱਤਾ।