ਅਹਿਮਦਾਬਾਦ:ਇੱਥੋਂ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਟੀ-20 ਲੜੀ ਦਾ ਪਹਿਲਾ ਮੈਚ ਇੰਗਲੈਂਡ ਨੇ ਅੱਠ ਵਿਕਟਾਂ ਨਾਲ ਜਿੱਤ ਲਿਆ ਹੈ। ਇੰਗਲੈਂਡ ਵੱਲੋਂ ਜੈਸਨ ਰੇਅ ਨੇ 49 ਜਦੋਂਕਿ ਜੋਸ ਬਟਲਰ ਨੇ 28 ਦੌੜਾਂ ਦੀ ਸ਼ੁਰੂਆਤੀ ਪਾਰੀ ਖੇਡੀ ਜਦੋਂਕਿ ਡੇਵਿਡ ਮਲਾਨ (ਨਾਬਾਦ 24) ਅਤੇ ਜੋਨੀ ਬੇਅਰਸਟੋਅ (ਨਾਬਾਦ 26) ਨੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ (67) ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ। ਮੇਜ਼ਬਾਨ ਟੀਮ ਸੱਤ ਵਿਕਟਾਂ ’ਤੇ 124 ਦੌੜਾਂ ਹੀ ਬਣਾ ਸਕੀ। ਜੋਫਰਾ ਆਰਚਰ ਤੇ ਮਾਰਕ ਵੁੱਡ ਨੇ ਕਪਤਾਨ ਇਓਨ ਮਾਰਗਨ ਦੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਫ਼ੈਸਲੇ ਨੂੰ ਸਹੀ ਸਾਬਿਤ ਕਰ ਦਿੱਤਾ। ਪਿੱਚ ਦੇ ਉਛਾਲ ਦਾ ਦੋਵਾਂ ਗੇਂਦਬਾਜ਼ਾਂ ਨੇ ਭਰਪੂਰ ਲਾਹਾ ਲਿਆ। ਅਈਅਰ ਨੇ ਠਰ੍ਹੰਮੇ ਨਾਲ ਖੇਡਦਿਆਂ ਟੀਮ ਨੂੰ ਸੈਂਕੜੇ ਦੇ ਨੇੜੇ ਪਹੁੰਚਾਇਆ। ਉਸ ਨੇ 48 ਗੇਂਦਾਂ ’ਤੇ ਅੱਠ ਚੌਕੇ ਤੇ ਇੱਕ ਛੱਕਾ ਜੜਿਆ, ਇਹ ਟੀ-20 ਦੀ ਉਸ ਦੀ ਸਰਵੋਤਮ ਪਾਰੀ ਹੈ। ਆਦਿਲ ਰਾਸ਼ਿਦ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਿਫ਼ਰ ਦੌੜ ’ਤੇ ਆਊਟ ਕੀਤਾ। ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (1) ਨੂੰ ਆਰਚਰ ਨੇ ਪਵੇਲੀਅਨ ਭੇਜਿਆ।