ਕਾਰਡਿਫ:ਇੰਗਲੈਂਡ ਨੇ ਸ੍ਰੀਲੰਕਾ ਨੂੰ ਦੂਜੇ ਟੀ-20 ਮੈਚ ਵਿਚ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਗੇਂਦਬਾਜ਼ਾਂ ਲਈ ਮਦਦਗਾਰ ਪਿੱਚ ’ਤੇ ਮਹਿਮਾਨ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਵੱਡਾ ਸਕੋਰ ਖੜ੍ਹਾ ਕਰਨ ਵਿਚ ਨਾਕਾਮ ਰਹੇ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ 111 ਦੌੜਾਂ ਹੀ ਬਣਾਈਆਂ। ਸ੍ਰੀਲੰਕਾ ਦੇ ਛੇ ਖਿਡਾਰੀ ਤਾਂ ਦੋਹਰੇ ਅੰਕ ਤਕ ਵੀ ਨਹੀਂ ਪੁੱਜ ਸਕੇ। ਇੰਗਲੈਂਡ ਨੇ ਡਕਵਰਥ ਲੂਈਸ ਨਿਯਮ ਅਨੁਸਾਰ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ। ਇਸ ਨਿਯਮ ਅਨੁਸਾਰ ਇੰਗਲੈਂਡ ਨੂੰ 16.1 ਓਵਰਾਂ ਵਿਚ 103 ਦੌੜਾਂ ਦਾ ਟੀਚਾ ਦਿੱਤਾ ਗਿਆ ਜੋ ਮੇਜ਼ਬਾਨ ਟੀਮ ਨੇ 11 ਗੇਂਦਾਂ ਰਹਿੰਦਿਆਂ ਹੀ ਪੂਰਾ ਕਰ ਲਿਆ। ਇੰਗਲੈਂਡ ਨੇ ਜੌਨੀ ਬੇਅਰਸਟੋਅ (0) ਤੇ ਡੇਵਿਡ ਮਾਲਨ (4) ਦੇ ਵਿਕਟ ਜਲਦੀ ਗੁਆ ਦਿੱਤੇ ਪਰ ਸੈਮ ਬਿਲਿੰਗ (24), ਲਿਆਮ ਲਿਵਿੰਗਸਟੋਨ (29) ਨਾਬਾਦ ਤੇ ਸੈਮ ਕੁਰਨ (16) ਨਾਬਾਦ ਨੇ ਟੀਮ ਨੂੰ ਜਿੱਤ ਦਿਵਾਈ।