ਬਰੈਂਪਟਨ/ਸਟਾਰ ਨਿਊਜ਼ (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਪਿਛਲੇ 5-6 ਸਾਲ ਤੋਂ ਵਿਚਰ ਰਹੀ ਟੀ.ਪੀ.ਏ.ਆਰ. ਕਲੱਬ ਜਿਸ ਦੇ ਮੈਂਬਰ ਓਨਟਾਰੀਓ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲੀਆਂ ਮੈਰਾਥਨ ਦੌੜਾਂ ਵਿਚ ਸਮੇਂ-ਸਮੇਂ ਭਾਗ ਲੈਂਦੇ ਹਨ, ਉਨ੍ਹਾਂ ਵੱਲੋਂ ਬੀਤੇ ਦਿਨੀਂ ਇਕੱਤਰ ਹੋਈ 5295 ਡਾਲਰ ਦੀ ਰਾਸ਼ੀ ਅੰਤਰ-ਰਾਸਟਰੀ ਪੱਧਰ ਤੇ ਮਨੁੱਖਤਾ ਦੇ ਭਲੇ ਲਈ ਕੰਮ ਕਰ ਰਹੀ ਸੰਸਥਾ ਖ਼ਾਲਸਾ ਏਡ ਦੇ ਅਧਿਕਾਰਤ ਮੈਂਬਰਾਂ ਨੂੰ ਭੇਂਟ ਕੀਤੀ ਗਈ।
ਇਸ ਦੇ ਬਾਰੇ ਗੱਲਬਾਤ ਕਰਦਿਆਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਕਲੱਬ ਦੇ ਸਰਗ਼ਰਮ ਮੈਂਬਰ ਸਬਵੇਅ ਰੈਸਟੋਰੈਂਟḔ ਦੇ ਮਾਲਕ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਇਸ ਮੰਤਵ ਲਈ ਕਲੱਬ ਨੂੰ 2500 ਡਾਲਰ ਦੀ ਵੱਡੀ ਰਾਸ਼ੀ ਦਿੱਤੀ ਗਈ ਜਿਸ ਵਿਚ ਕਲੱਬ ਦੇ ਹੋਰ 23 ਮੈਂਬਰਾਂ ਵੱਲੋਂ ਪਾਏ ਗਏ ਯੋਗਦਾਨ ਨਾਲ ਇਹ ਰਕਮ 5295 ਡਾਲਰ ਬਣ ਗਈ ਅਤੇ ਬੀਤੇ ਹਫ਼ਤੇ ਇਹ ਇੱਥੇ ਬਰੈਂਪਟਨ ਵਿਚ Ḕਖ਼ਾਲਸਾ ਏਡḔ ਦੇ ਸਰਗ਼ਰਮ ਕਾਕੁੰਨ ਨੂੰ ਪਹੁੰਚਾ ਦਿੱਤੀ ਗਈ। ਇਸ ਤਰ੍ਹਾਂ ਇਸ ਕਲੱਬ ਦੇ ਮੈਂਬਰ ਜਿੱਥੇ ਵੱਖ-ਵੱਖ ਦੌੜਾਂ ਵਿਚ ਭਾਗ ਲੈ ਕੇ ਕਮਿਊਨਿਟੀ ਵਿਚ ਸਿਹਤਮੰਦ ਤੇ ਤੰਦਰੁਸਤ ਜੀਵਨ ਜਿਊਣ ਦਾ ਸੁਨੇਹਾ ਪਹੁੰਚਾ ਰਹੇ ਹਨ, ਉੱਥੇ ਉਹ ਮਨੁੱਖਤਾ ਦੀ ਸੇਵਾ ਵਿਚ ਵੀ ਆਪਣਾ ਸਰਦਾ-ਬਣਦਾ ਯੋਗਦਾਨ ਪਾ ਰਹੇ ਹਨ।