ਚੇਨੱਈ, 24 ਅਪਰੈਲ
ਸਨਰਾਈਜ਼ਰਜ਼ ਹੈਦਰਾਬਾਦ ਦਾ ਤੇਜ਼ ਗੇਂਦਬਾਜ਼ ਟੀ. ਨਟਰਾਜਨ ਗੋਡੇ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚੋਂ ਬਾਹਰ ਹੋ ਗਿਆ ਹੈ। ਇਹ ਸੱਟ ਉਸ ਨੂੰ ਇਸ ਸਾਲ ਆਸਟਰੇਲੀਆ ਦੌਰੇ ਦੌਰਾਨ ਲੱਗੀ ਸੀ। ਨਟਰਾਜਨ ਨੇ ਆਈਪੀਐੱਲ ਦੇ ਚੱਲ ਸੀਜ਼ਨ ’ਚ ਹੈਦਰਾਬਾਦ ਦੇ ਚਾਰ ਮੈਚਾਂ ਵਿੱਚੋਂ ਸਿਰਫ ਦੋ ਖੇਡੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂੁਤਰਾਂ ਨੇ ਦੱਸਿਆ, ‘ਨਟਰਾਜਨ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਨਹੀਂ ਉੱਭਰਿਆ ਸੀ। ਉਹ ਇਲਾਜ ਲਈ ਕੌਮੀ ਕ੍ਰਿਕਟ ਅਕੈਡਮੀ ਗਿਆ ਸੀ ਪਰ ਹੁਣ ਪਤਾ ਲੱਗਾ ਹੈ ਕਿ ਭਾਵੇਂ ਉਸ ਨੂੰ ਇੰਗਲੈਂਡ ਖ਼ਿਲਾਫ਼ ਮੈਚਾਂ ਲਈ ਫਿੱਟ ਐਲਾਨਿਆ ਗਿਆ ਸੀ ਪਰ ਉਹ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਸੀ।’ ਸੂਤਰਾਂ ਮੁਤਾਬਕ, ‘ਹੁਣ ਉਸ ਨੂੰ ਲੰਬਾ ਸਮਾਂ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਉਸ ਨੇ ਢੁਕਵੇਂ ਇਲਾਜ ਤੋਂ ਬਿਨਾਂ ਵਾਪਸੀ ਵਿੱਚ ਕਾਹਲੀ ਦਿਖਾਈ।’ ਇਸੇ ਦੌਰਾਨ ਦਿੱਲੀ ਕੈਪੀਟਲਜ਼ ਦਾ ਆਲਰਾਊਂਡਰ ਅਕਸ਼ਰ ਪਟੇਲ ਕਰੋਨਾ ਲਾਗ ਤੋਂ ਉੱਭਰਨ ਮਗਰੋਂ ਮੁੜ ਟੀਮ ਨਾਲ ਜੁੜ ਗਿਆ ਹੈ। ਲੰਘੀ ਤਿੰਨ ਅਪਰੈਲ ਨੂੰ ਕਰੋਨਾ ਪਾਜ਼ੇਟਿਵ ਜਾਣ ਮਗਰੋਂ ਉਹ ਮੁੰਬਈ ਵਿੱਚ ਲੱਗਪਗ ਤਿੰਨ ਹਫ਼ਤੇ ਇਕਾਂਤਵਾਸ ਰਿਹਾ। ਦਿੱਲੀ ਕੈਪੀਟਲਜ਼ ਵੱਲੋਂ ਕੀਤੇ ਟਵੀਟ ਵੀਡੀਓ ’ਚ ਅਕਸ਼ਰ ਨੇ ਕਿਹਾ, ‘ਵੀਹ ਦਿਨ ਇਕਾਂਤਵਾਸ ਕੱਟਣ ਮਗਰੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਹੈ। ਆਦਮੀ ਦੇਖ ਕੇ ਹੀ ਤਾਂ ਮੈਨੂੂੰ ਮਜ਼ਾ ਆ ਰਿਹਾ ਹੈ।’