ਮੁੰਬਈ, 18 ਮਈ
ਟੀਵੀ ਅਦਾਕਾਰ ਮਨਮੀਤ ਗਰੇਵਾਲ (32) ਨੇ ਅੱਜ ਇਥੇ ਮੁੰਬਈ ਸਥਿਤ ਆਪਣੇ ਘਰ ਵਿੱਚ ਖੁ਼ਦਕੁਸ਼ੀ ਕਰ ਲਈ। ਮਿੱਡ ਡੇਅ ਦੀ ਰਿਪੋਰਟ ਮੁਤਾਬਕ ਮਨਮੀਤ ਦੀ ਪਤਨੀ ਨੂੰ ਉਹ ਬੈੱਡਰੂਮ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦਾ ਮਿਲਿਆ। ਉਸ ਨੇ ਮਦਦ ਲਈ ਰੌਲਾ ਵੀ ਪਾਇਆ, ਪਰ ਅਦਾਕਾਰ ਨੂੰ ਕਰੋਨਾਵਾਇਰਸ ਹੋਣ ਦੇ ਡਰੋਂ, ਕੋਈ ਵੀ ਗੁਆਂਢੀ ਨਹੀਂ ਬਹੁੜਿਆ। ਆਖਿਰ ਨੂੰ ਬਿਲਡਿੰਗ ਦੇ ਸੁਰੱਖਿਆ ਗਾਰਡ ਦੀ ਮਦਦ ਨਾਲ ਮਨਮੀਤ ਦੀ ਦੇਹ ਨੂੰ ਹੇਠਾਂ ਉਤਾਰਿਆ ਗਿਆ। ਉਸ ਨੂੰ ਫੌਰੀ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਕਾਮੇਡੀ ਸ਼ੋਅ ‘ਆਦਤ ਸੇ ਮਜਬੂਰ’ ਦਾ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ ਤੇ ਉਸ ਕੋਲ ਆਪਣੇ ਫਲੈਟ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸਨ। ਮਨਮੀਤ ਦੇ ਮਾਤਾ-ਪਿਤਾ ਪੰਜਾਬ ਰਹਿੰਦੇ ਹਨ ਤੇ ਦੋ ਸਾਲ ਪਹਿਲਾਂ ਹੀ ਉਹਦਾ ਵਿਆਹ ਹੋਇਆ ਸੀ।