ਨਵੀਂ ਦਿੱਲੀ, 13 ਦਸੰਬਰ
ਸੰਸਦ ’ਚ ਹਾਜ਼ਰੀ ਬਾਰੇ ਬਿਆਨ ਦੇਣ ’ਤੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਅਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਵਿਵਾਦਾਂ ’ਚ ਘਿਰ ਗਏ ਹਨ। ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਦੋ ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਦਾ ਨੋਟਿਸ ਦਿੱਤਾ ਹੈ। ਟੀਐੱਮਸੀ ਮੈਂਬਰਾਂ ਜਵਾਹਰ ਸਿਰਕਾਰ ਅਤੇ ਮੌਸਮ ਨੂਰ ਵੱਲੋਂ ਦਿੱਤੇ ਨੋਟਿਸ ਨੂੰ ਅਜੇ ਤੱਕ ਰਾਜ ਸਭਾ ਸਕੱਤਰੇਤ ਨੇ ਮਨਜ਼ੂਰ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵੱਲੋਂ ਵੀ ਗੋਗੋਈ ਖ਼ਿਲਾਫ਼ ਮਰਿਆਦਾ ਮਤੇ ਦੇ ਨੋਟਿਸ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਗੋਗੋਈ ਨੇ ਕਿਹਾ ਸੀ ਕਿ ਕੋਵਿਡ ਪਾਬੰਦੀਆਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਸਬੰਧੀ ਨੇਮਾਂ ਕਾਰਨ ਉਹ ਜਦੋਂ ਚਾਹੁਣਗੇ, ਉਦੋਂ ਉਹ ਰਾਜ ਸਭਾ ’ਚ ਹਾਜ਼ਰੀ ਭਰਨਗੇ ਅਤੇ ਜਦੋਂ ਮਹੱਤਵ ਵਾਲੇ ਮਾਮਲਿਆਂ ’ਚ ਬੋਲਣ ਦੀ ਲੋੜ ਹੋਵੇਗੀ ਤਾਂ ਹੀ ਉਹ ਸੰਸਦ ਜਾਣਗੇ। ਗੋਗੋਈ ਨੇ ਇਹ ਵੀ ਕਿਹਾ ਸੀ ਕਿ ਉਹ ਨਾਮਜ਼ਦ ਮੈਂਬਰ ਹਨ ਅਤੇ ਕਿਸੇ ਵੀ ਪਾਰਟੀ ਦਾ ਵ੍ਹਿੱਪ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ ਹੈ।