ਚੰਡੀਗੜ੍ਹ, 17 ਦਸੰਬਰ
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਟਿੱਕਰੀ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ 38 ਸਾਲਾ ਇਕ ਕਿਸਾਨ ਵੀਰਵਾਰ ਸਵੇਰੇ ਮਿ੍ਤ ਮਿਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਜੈ ਸਿੰਘ ਅਤੇ ਉਸ ਦੇ ਭਰਾ ਬੀਤੇ ਕਈ ਦਿਨਾਂ ਤੋਂ ਹਰਿਆਣਾ ਦਿੱਲੀ ਸਰਹੱਦ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਹਰਿਆਣਾ ਦੇ ਬਹਾਦਰਗੜ੍ਹ ਥਾਣੇ ਦੇ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਸੇਵਰੇ ਜੈ ਸਿੰਘ ਦੀ ਲਾਸ਼ ਮਿਲੀ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਬਾਅਦ ਹੀ ਲੱਗੇਗਾ। ਲਾਸ਼ ਨੂੰ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਦੇ ਇਕ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ। ਸ਼ਿੰਗਾਰਾ ਸਿੰਘ ਨੇ ਮਿ੍ਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਪੰਜਾਬ ਦੇ 20 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਕੁਦਰਤੀ ਕਾਰਨਾਂ ਜਾਂ ਸੜਕ ਹਾਦਸਿਆਂ ਵਿੱਚ ਹੋਈਆਂ ਹਨ।