ਲਾਸ ਏਂਜਲਸ, 30 ਅਕਤੂਬਰ

ਆਪਣੇ ਸਮੇਂ ਦਾ ਮਹਾਨ ਮੁੱਕੇਬਾਜ਼ ਮਾਈਕ ਟਾਈਸਨ ਫਿਰ ਤੋਂ ਰਿੰਗ ’ਤੇ ਨਜ਼ਰ ਆਵੇਗਾ ਤੇ ਇਸ ਵਾਰ ਉਸ ਦਾ ਸਾਹਮਣਾ ਰਏ ਜੋਨਸ ਨਾਲ ਹੋਵੇਗਾ। ਕੈਲੀਫੋਰਨੀਆ ਅਥਲੈਟਿਕ ਕਮਿਸ਼ਨ ਨੇ ਅਗਲੇ ਮਹੀਨੇ ਦੋਵਾਂ ਦੇ ਮੁਕਾਬਲੇ ਨੂੰ ਇਸ ਆਧਾਰ ’ਤੇ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਿਰਫ ਪ੍ਰਦਰਸ਼ਨੀ ਮੁਕਾਬਲਾ ਹੋਵੇਗਾ ਪਰ ਇਨ੍ਹਾਂ ਸਾਬਕਾ ਚੈਂਪੀਅਨਜ਼ ਨੇ ਕਿਹਾ ਕਿ ਉਹ ਇਸ ਨੂੰ ਸਿਰਫ ਪ੍ਰਦਰਸ਼ਨੀ ਮੈਚ ਨਹੀਂ ਮੰਨ ਰਹੇ ਅਤੇ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਪ੍ਰਮੋਟਰਾਂ ਨੇ ਐਲਾਨ ਕੀਤਾ ਕਿ 54 ਸਾਲਾ ਟਾਈਸਨ ਅਤੇ 51 ਸਾਲਾ ਜੋਨਜ਼ ਵਿਚਾਲੇ ਮੈਚ 28 ਨਵੰਬਰ ਨੂੰ ਲਾਸ ਏਂਜਲਸ ਸਟੈਪਲਜ਼ ਸੈਂਟਰ ਵਿਚ ਹੋਵੇਗਾ। ਇਹ ਅੱਠ ਦਾ ਗੇੜ ਹੋਵੇਗਾ ਤੇ ਹਰ ਗੇੜ ਦੋ ਮਿੰਟ ਦਾ ਹੋਵੇਗਾ। ਟਾਈਸਨ ਨੇ ਆਖਰੀ ਵਾਰ ਜੂਨ 2005 ਵਿੱਚ ਮੁਕਾਬਲਾ ਲੜਿਆ ਸੀ ਤੇ ਸਾਬਕਾ ਹੈਵੀਵੇਟ ਚੈਂਪੀਅਨ 1996 ਤੋਂ ਬਾਅਦ ਕੋਈ ਖਿਤਾਬ ਨਹੀਂ ਜਿੱਤ ਸਕਿਆ। ਜੋਨਜ਼ ਨੇ ਆਪਣਾ ਆਖਰੀ ਮੁਕਾਬਲਾ ਫਰਵਰੀ 2018 ਵਿੱਚ ਲੜਿਆ ਸੀ।