ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਇਕ ਐਂਕਰ ਵਲੋਂ ਕੀਤੀ ਟਿੱਪਣੀ ਉਸ ਦੇ ਪੂਰੇ ਨਿਊਜ਼ ਚੈਨਲ ਨੂੰ ਭਾਰੀ ਪੈ ਗਈ ਹੈ। ਦਸਿਆ ਗਿਆ ਹੈ ਕਿ ਏ.ਬੀ.ਸੀ ਮੀਡੀਆ ਗਰੁੱਪ ਹੁਣ ਡੋਨਾਲਡ ਟਰੰਪ ਵਲੋਂ 1.5 ਕਰੋੜ ਡਾਲਰ (ਲਗਭਗ 127 ਕਰੋੜ ਰੁਪਏ) ਦੇ ਦਾਇਰ ਮਾਣਹਾਨੀ ਦੇ ਕੇਸ ਦਾ ਨਿਪਟਾਰਾ ਕਰਨ ਲਈ ਸਹਿਮਤ ਹੋ ਗਿਆ ਹੈ।

ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਇਹ ਮਾਮਲਾ ਏ.ਬੀ.ਸੀ ਨਿਊਜ਼ ਦੇ ਐਂਕਰ ਜਾਰਜ ਸਟੀਫ਼ਨੋਪੋਲੋਸ ਦੁਆਰਾ ਇਕ ਪ੍ਰੋਗਰਾਮ ਦੌਰਾਨ ਕੀਤੀਆਂ ਟਿੱਪਣੀਆਂ ਤੋਂ ਪੈਦਾ ਹੋਇਆ। ਜਾਰਜ ਨੇ ਮਾਰਚ ’ਚ ਅਮਰੀਕੀ ਸੰਸਦ ਮੈਂਬਰ ਨੈਨਸੀ ਮੇਸ ਨਾਲ ਇੰਟਰਵਿਊ ਦੌਰਾਨ ਕਿਹਾ ਸੀ ਕਿ ਟਰੰਪ ਰੇਪ ਕੇਸ ’ਚ ਦੋਸ਼ੀ ਹਨ। ਟਰੰਪ ਇਸ ਨੂੰ ਲੈ ਕੇ ਅਦਾਲਤ ਪਹੁੰਚੇ ਸਨ।

ਏ.ਬੀ.ਸੀ ਨਿਊਜ਼ ਕੇਸ ਦੇ ਨਿਪਟਾਰੇ ਦੀਆਂ ਸ਼ਰਤਾਂ ਅਨੁਸਾਰ ਇਹ ਟਰੰਪ ਫ਼ਾਊਂਡੇਸ਼ਨ ਅਤੇ ਮਿਊਜ਼ੀਅਮ ਫ਼ੰਡ ਨੂੰ 1.5 ਕਰੋੜ ਡਾਲਰ ਦਾਨ ਕਰੇਗਾ। ਇੰਸਟੀਚਿਊਟ ਨੇ ਕਿਹਾ ਕਿ ਉਸ ਦਾ ਐਂਕਰ ਸਟੀਫਨੋਪੋਲੋਸ ਮਾਮਲੇ ਵਿਚ ਜਨਤਕ ਤੌਰ ’ਤੇ ਮੁਆਫ਼ੀ ਮੰਗੇਗਾ ਅਤੇ ਅਪਣੀ ਟਿੱਪਣੀ ਲਈ ਅਫ਼ਸੋਸ ਪ੍ਰਗਟ ਕਰੇਗਾ।

ਇਸ ਤੋਂ ਇਲਾਵਾ ਪ੍ਰਸਾਰਕ ਕੇਸ ਲੜਨ ਲਈ ਫ਼ੀਸ ਵਜੋਂ 10 ਲੱਖ ਡਾਲਰ (8.48 ਕਰੋੜ ਰੁਪਏ) ਦਾ ਭੁਗਤਾਨ ਕਰੇਗਾ। ਜ਼ਿਕਰਯੋਗ ਹੈ ਕਿ ਟਰੰਪ ਵਿਰੁਧ ਛੇੜਛਾੜ ਦਾ ਮਾਮਲਾ ਚੱਲ ਰਿਹਾ ਹੈ। ਹਾਲਾਂਕਿ ਇਹ ਬਲਾਤਕਾਰ ਦੇ ਕੇਸ ਤੋਂ ਵਖਰਾ ਹੈ। 2023 ਵਿਚ ਇਹ ਕੇਸ ਲੇਖਕ ਈ. ਜੀਨ ਕੈਰੋਲ ਦੁਆਰਾ ਉਨ੍ਹਾਂ ਵਿਰੁਧ ਦਾਇਰ ਕੀਤਾ ਗਿਆ ਸੀ।