ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਟੋ ਆਯਾਤ ‘ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਅਮਰੀਕਾ ਦਾ ਆਪਣੇ ਵਪਾਰਕ ਭਾਈਵਾਲਾਂ ਨਾਲ ਤਣਾਅ ਵਧ ਸਕਦਾ ਹੈ। ਟਰੰਪ ਨੇ ਵ੍ਹਾਈਟ ਹਾਊਸ ‘ਚ ਕਿਹਾ, ਅਸੀਂ ਅਮਰੀਕਾ ਤੋਂ ਬਾਹਰ ਬਣੀਆਂ ਸਾਰੀਆਂ ਕਾਰਾਂ ‘ਤੇ 25 ਫੀਸਦੀ ਟੈਰਿਫ ਲਗਾਵਾਂਗੇ। ਪਰ ਜੇਕਰ ਕੋਈ ਕਾਰ ਅਮਰੀਕਾ ‘ਚ ਬਣੀ ਹੈ ਤਾਂ ਇਸ ‘ਤੇ ਕੋਈ ਟੈਰਿਫ ਨਹੀਂ ਲੱਗੇਗਾ। ਅਮਰੀਕਾ ‘ਚ ਇੰਪੋਰਟਡ ਕਾਰਾਂ ‘ਤੇ ਭਾਰੀ ਟੈਰਿਫ ਲਗਾਉਣ ਦਾ ਟਰੰਪ ਦਾ ਫੈਸਲਾ 2 ਅਪ੍ਰੈਲ ਤੋਂ ਲਾਗੂ ਹੋਵੇਗਾ।ਇਸਦਾ ਅਸਰ ਖਾਸ ਤੌਰ ‘ਤੇ ਵਿਦੇਸ਼ਾਂ ‘ਚ ਬਣੀਆਂ ਕਾਰਾਂ ਅਤੇ ਹਲਕੇ ਟਰੱਕਾਂ ‘ਤੇ ਦੇਖਣ ਨੂੰ ਮਿਲੇਗਾ।
ਦੱਸ ਦਈਏ ਕਿ ਜਦੋਂ ਤੋਂ ਟਰੰਪ ਨੇ ਅਮਰੀਕਾ ਵਿਚ ਸੱਤਾ ਸੰਭਾਲੀ ਹੈ, ਉਹ ਲਗਾਤਾਰ ਅਜਿਹੇ ਫੈਸਲੇ ਲੈ ਰਹੇ ਹਨ, ਜਿਨ੍ਹਾਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜਨਵਰੀ ‘ਚ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਆਉਣ ਵਾਲੇ ਸਮਾਨ ‘ਤੇ ਪਹਿਲਾਂ ਹੀ ਟੈਰਿਫ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਸਟੀਲ ਅਤੇ ਐਲੂਮੀਨੀਅਮ ‘ਤੇ 25 ਫੀਸਦੀ ਟੈਰਿਫ ਲਗਾਇਆ ਗਿਆ ਹੈ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਉੱਤਰੀ ਅਮਰੀਕਾ ਵਿੱਚ ਪ੍ਰਭਾਵਿਤ ਆਟੋ ਕੰਪਨੀਆਂ ਨੂੰ ਟੈਰਿਫ ਤੋਂ ਅਸਥਾਈ ਰਾਹਤ ਦਿੱਤੀ।
ਟਰੰਪ ਦੀਆਂ ਵਪਾਰਕ ਨੀਤੀਆਂ ਕਾਰਨ ਅਨਿਸ਼ਚਿਤਤਾ ਦੇ ਡਰ ਨੇ ਵਿੱਤੀ ਬਾਜ਼ਾਰਾਂ ਵਿੱਚ ਅਸਥਿਰਤਾ ਵਧਾ ਦਿੱਤੀ ਹੈ। ਇਸ ਦੇ ਨਾਲ ਹੀ, ਟੈਰਿਫ ਦੇ ਪ੍ਰਭਾਵ ਦੇ ਡਰ ਕਾਰਨ ਹਾਲ ਹੀ ਦੇ ਮਹੀਨਿਆਂ ਵਿੱਚ ਖਪਤਕਾਰਾਂ ਦੇ ਵਿਸ਼ਵਾਸ ਵਿੱਚ ਗਿਰਾਵਟ ਆਈ ਹੈ। ਟਰੰਪ ਦੀ ਘੋਸ਼ਣਾ ਤੋਂ ਪਹਿਲਾਂ, ਵਾਲ ਸਟਰੀਟ ‘ਤੇ ਗਿਰਾਵਟ ਦਰਜ ਕੀਤੀ ਗਈ ਸੀ, ਜਿੱਥੇ ਤਕਨੀਕੀ ਖੇਤਰ ‘ਤੇ ਧਿਆਨ ਕੇਂਦਰਤ ਕਰਨ ਵਾਲੀ ਨੈਸਡੈਕ ਦੋ ਪ੍ਰਤੀਸ਼ਤ ਹੇਠਾਂ ਚਲੀ ਗਈ ਸੀ। ਟਰੰਪ ਪ੍ਰਸ਼ਾਸਨ ਟੈਰਿਫ ਨੂੰ ਮਾਲੀਆ ਵਧਾਉਣ ਅਤੇ ਅਮਰੀਕੀ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਸਾਧਨ ਵਜੋਂ ਮੰਨਦਾ ਹੈ।ਇਸ ਫੈਸਲੇ ਨਾਲ ਜਾਪਾਨ, ਦੱਖਣੀ ਕੋਰੀਆ, ਕੈਨੇਡਾ, ਮੈਕਸੀਕੋ ਅਤੇ ਜਰਮਨੀ ਵਰਗੇ ਨੇੜਲੇ ਸਹਿਯੋਗੀਆਂ ਨਾਲ ਅਮਰੀਕਾ ਦੇ ਸਬੰਧ ਪ੍ਰਭਾਵਿਤ ਹੋ ਸਕਦੇ ਹਨ।














