ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਬਦਲਣ ਦੀ ਕੋਸ਼ਿਸ਼ ਕਰਨ ਸਬੰਧੀ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਇੱਥੋਂ ਦੀ ਇੱਕ ਸੰਘੀ ਅਦਾਲਤ ’ਚ ਪੇਸ਼ ਹੋਏ। ਪਿਛਲੇ ਚਾਰ ਮਹੀਨਿਆਂ ਅੰਦਰ ਟਰੰਪ ਦੀ ਇਹ ਤੀਜੀ ਪੇਸ਼ੀ ਹੈ। ਉਨ੍ਹਾਂ ਭਾਰਤੀ ਮੂਲ ਦੀ ਅਮਰੀਕੀ ਜੱਜ ਮੈਜਿਸਟਰੇਟ ਮੋਕਸ਼ਿਲਾ ਉਪਾਧਿਆਏ ਦੀ ਅਦਾਲਤ ’ਚ ‘ਜੁਰਮ ਨਾ ਸਵੀਕਾਰ ਕਰਨ ਸਬੰਧੀ’ ਪਟੀਸ਼ਨ ਦਾੲਿਰ ਕੀਤੀ ਹੈ। ਟਰੰਪ ਸਾਲ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ। ਟਰੰਪ ਇੱਕ ਵੱਡੇ ਕਾਫਲੇ ਦੇ ਨਾਲ ਅਦਾਲਤ ਪੁੱਜੇ। ਸੁਣਵਾਈ ਸ਼ੁਰੂ ਹੋਣ ’ਤੇ ਜੱਜ ਉਪਾਧਿਆਏ ਨੇ ਸਵਾਲ ਕੀਤਾ, ‘ੲਿੱਕ ਤੋਂ ਚਾਰ ਤੱਕ ਦੋਸ਼ਾਂ ਬਾਰੇ ਟਰੰਪ ਦਾ ਕੀ ਕਹਿਣਾ ਹੈ?’ ਇਸ ’ਤੇ ਟਰੰਪ ਨੇ ਕਿਹਾ, ‘ਕੋਈ ਅਪਰਾਧ ਨਹੀਂ ਕੀਤਾ।’ ਟਰੰਪ ਨੇ ਹੁਣ ਅਮਰੀਕੀ ਜ਼ਿਲ੍ਹਾ ਜੱਜ ਤਾਨਿਆ ਛੁਟਕਨ ਦੀ ਅਦਾਲਤ ’ਚ 28 ਅਗਸਤ ਨੂੰ ਪੇਸ਼ ਹੋਣਾ ਹੈ।