ਕੱਢੇ ਜਾਣ ਵਾਲੇ ਕਰੀਬ 15 ਲੱਖ ਲੋਕਾਂ ਦੀ ਸੂਚੀ ਤਿਆਰ ਕਰੀਬ 18,000 ਗੈਰ-ਕਾਨੂੰਨੀ ਭਾਰਤੀ ਵੀ ਸ਼ਾਮਲ ਨਿਊਯਾਰਕ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਹੈ। ਆਪਣੀ ਚੋਣ ਮੁਹਿੰਮ ‘ਚ ਵਾਰ-ਵਾਰ ਅਮਰੀਕਾ ਨੂੰ ਪ੍ਰਵਾਸੀ ਮੁਕਤ ਬਣਾਉਣ ਦੀ ਗੱਲ ਕਰਨ ਵਾਲੇ ਟਰੰਪ ਨੇ ਇਸ ਲਈ ਜੰਗੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਡੋਨਾਲਡ ਟਰੰਪ ਦਾ ਇਹ ਕਦਮ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਨੂੰ ਅੰਜਾਮ ਦੇਣ ਦੀ ਯੋਜਨਾ ਦਾ ਹਿੱਸਾ ਹੈ।

ਟਰੰਪ ਦੀ ਇਸ ਯੋਜਨਾ ਨੂੰ ਪੂਰਾ ਕਰਨ ਲਈ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਦੇਸ਼ ਤੋਂ ਬਾਹਰ ਕੱਢੇ ਜਾਣ ਵਾਲੇ ਕਰੀਬ 15 ਲੱਖ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਰਿਪੋਰਟਾਂ ਮੁਤਾਬਕ ਇਸ ਸੂਚੀ ‘ਚ ਕਰੀਬ 18,000 ਗੈਰ-ਕਾਨੂੰਨੀ ਭਾਰਤੀ ਵੀ ਸ਼ਾਮਲ ਹਨ। ਪਿਛਲੇ ਮਹੀਨੇ ਜਾਰੀ ਕੀਤੇ ਆਈਸੀਈ ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ 15 ਲੱਖ ਲੋਕਾਂ ਵਿੱਚ 17,940 ਭਾਰਤੀ ਹਨ ਜਿਨ੍ਹਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਭਾਰਤ ਪਰਤਣਾ ਪੈ ਸਕਦਾ ਹੈ। ਰਿਪੋਰਟ ਦਿੱਤੀ ਹੈ ਕਿ ਅਮਰੀਕਾ ਵਿਚ ਇਸ ਸਮੇਂ ਭਾਰਤ ਤੋਂ ਲਗਭਗ 7,25,000 ਗੈਰ-ਕਾਨੂੰਨੀ ਪ੍ਰਵਾਸੀ ਹਨ। ਮੈਕਸੀਕੋ ਅਤੇ ਅਲ ਸਲਵਾਡੋਰ ਤੋਂ ਬਾਅਦ ਅਮਰੀਕਾ ਵਿਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਭਾਰਤ ਤੋਂ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੀ ਰਿਪੋਰਟ ਮੁਤਾਬਕ ਜਨਵਰੀ 2022 ‘ਚ ਅਮਰੀਕਾ ‘ਚ ਲਗਭਗ 11 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਸਨ।

ਇਸ ਦੌਰਾਨ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਹ ਦੇਸ਼ ‘ਚੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਕੁਝ ਵੀ ਕਰਨਗੇ। ਉਸ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਇਸ ਲਈ ਅਮਰੀਕੀ ਫੌਜ ਦੀ ਵਰਤੋਂ ਵੀ ਕਰਨਗੇ। ਵੀਰਵਾਰ ਨੂੰ ਪ੍ਰਕਾਸ਼ਿਤ ਇਕ ਇੰਟਰਵਿਊ ‘ਚ ਉਨ੍ਹਾਂ ਨੇ ਇਹ ਗੱਲ ਦੁਹਰਾਈ। ਟਰੰਪ ਨੇ ਕਿਹਾ ਹੈ ਕਿ ਕਿਸੇ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣਾ ਹਮਲਾ ਕਰਨ ਦੇ ਬਰਾਬਰ ਹੈ, ਜਿਸ ਨੂੰ ਰੋਕਣ ਦੀ ਲੋੜ ਹੈ। “ਮੈਂ ਇਸ ਨੂੰ ਸਾਡੇ ਦੇਸ਼ ‘ਤੇ ਹਮਲਾ ਸਮਝਦਾ ਹਾਂ,” ਟਰੰਪ ਨੇ ਐਲਾਨ ਕਰਨ ਤੋਂ ਬਾਅਦ ਕਿਹਾ ਕਿ ਉਹ ਟਾਈਮਜ਼ ਪਰਸਨ ਆਫ ਦਿ ਈਅਰ ਹੋਣਗੇ। ਟਰੰਪ ਨੇ ਅੱਗੇ ਕਿਹਾ, “ਮੈਂ ਨਹੀਂ ਚਾਹੁੰਦਾ ਕਿ ਉਹ ਅਗਲੇ 20 ਸਾਲਾਂ ਤੱਕ ਕੈਂਪ ਵਿੱਚ ਬੈਠਣ। ਮੈਂ ਚਾਹੁੰਦਾ ਹਾਂ ਕਿ ਉਹ ਬਾਹਰ ਨਿਕਲ ਜਾਣ ਅਤੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਨੂੰ ਵਾਪਸ ਜਾਣਾ ਪਵੇ।”