ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਖੁਲ੍ਹੀ ਧਮਕੀ ਦਿਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਕੀਤੀ ਤਾਂ ਉਹ ਪੂਰੇ ਦੇਸ਼ ਨੂੰ ਤਬਾਹ ਕਰ ਦੇਣਗੇ। ਨਾਲ ਹੀ ਕਿਹਾ ਕਿ ਉਨ੍ਹਾਂ ਨੇ ਅਪਣੇ ਸਲਾਹਕਾਰਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿਤੇ ਹਨ। ਮੰਗਲਵਾਰ ਨੂੰ ਅਮਰੀਕਾ ਨੇ ਸੰਕੇਤ ਦਿਤੇ ਹਨ ਕਿ ਉਹ ਪ੍ਰਮਾਣੂ ਹਥਿਆਰ ਤਿਆਰ ਕਰਨ ਦੇ ਦੋਸ਼ਾਂ ਨੂੰ ਲੈ ਕੇ ਈਰਾਨ ’ਤੇ ਦਬਾਅ ਬਣਾਉਣ ਦੀ ਨੀਤੀ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਟਰੰਪ ਨੇ ਤਹਿਰਾਨ ’ਤੇ ਵੱਧ ਤੋਂ ਵੱਧ ਦਬਾਅ ਬਣਾਉਣ ਲਈ ਇਕ ਆਦੇਸ਼ ’ਤੇ ਦਸਤਖ਼ਤ ਕੀਤੇ ਹਨ। ਉਨ੍ਹਾਂ ਕਿਹਾ, ‘‘ਜੇ ਉਹ ਅਜਿਹਾ ਕਰਦੇ ਹਨ, ਤਾਂ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ …। ਕੁੱਝ ਵੀ ਨਹੀਂ ਬਚੇਗਾ।’’ ਦਸਿਆ ਜਾ ਰਿਹਾ ਹੈ ਕਿ ਸਾਲ 2020 ’ਚ ਟਰੰਪ ਨੇ ਸਟ੍ਰਾਈਕ ਦੇ ਨਿਰਦੇਸ਼ ਦਿਤੇ ਸਨ, ਜਿਸ ’ਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਨੇਤਾ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਅਧਿਕਾਰੀ ਲੰਮੇ ਸਮੇਂ ਤੋਂ ਟਰੰਪ ਅਤੇ ਹੋਰਾਂ ਵਿਰੁਧ ਈਰਾਨ ਦੀਆਂ ਧਮਕੀਆਂ ’ਤੇ ਨਜ਼ਰ ਰੱਖ ਰਹੇ ਹਨ।

ਪੈਨਸਿਲਵੇਨੀਆ ’ਚ ਰੈਲੀ ਤੋਂ ਪਹਿਲਾਂ ਈਰਾਨ ਦੀ ਧਮਕੀ ਕਾਰਨ ਟਰੰਪ ਦੀ ਸੁਰੱਖਿਆ ਵਧਾ ਦਿਤੀ ਗਈ ਸੀ। ਉਸ ਰੈਲੀ ਵਿਚ ਟਰੰਪ ਦੇ ਕੰਨ ਵਿਚ ਗੋਲੀ ਲੱਗੀ ਸੀ। ਹਾਲਾਂਕਿ, ਅਧਿਕਾਰੀਆਂ ਨੇ ਉਦੋਂ ਇਹ ਵੀ ਕਿਹਾ ਕਿ ਉਹ ਨਹੀਂ ਮੰਨਦੇ ਕਿ ਇਸ ਕਤਲ ਦੀ ਕੋਸ਼ਿਸ਼ ਵਿਚ ਈਰਾਨ ਦਾ ਹੱਥ ਹੈ। ਨਵੰਬਰ ਵਿਚ ਵੀ ਨਿਆਂ ਵਿਭਾਗ ਨੇ ਐਲਾਨ ਕੀਤਾ ਸੀ ਕਿ ਉਸ ਨੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਟਰੰਪ ਦੀ ਹਤਿਆ ਦੀ ਈਰਾਨ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਸੀ।

ਦਰਸਲ, ਵਿਭਾਗ ਨੇ ਈਰਾਨੀ ਅਧਿਕਾਰੀਆਂ ’ਤੇ 51 ਸਾਲਾ ਫ਼ਰਹਾਦ ਸ਼ਾਕੇਰੀ ਨੂੰ ਸਤੰਬਰ ’ਚ ਟਰੰਪ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦਾ ਕਤਲ ਕਰਨ ਦੇ ਨਿਰਦੇਸ਼ ਦਿਤੇ ਸਨ। ਉਦੋਂ ਈਰਾਨੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰ ਦਿਤਾ ਸੀ। ਵਿਦੇਸ਼ ਬੁਲਾਰੇ ਇਸਮਾਈਲ ਬਾਧੀ ਨੇ ਦਾਅਵਾ ਕੀਤਾ ਸੀ ਕਿ ਇਹ ਇਜ਼ਰਾਈਲ ਨਾਲ ਜੁੜੇ ਸਮੂਹ ਦੀ ਸਾਜ਼ਸ਼ ਸੀ, ਤਾਕਿ ਈਰਾਨ ਅਤੇ ਅਮਰੀਕਾ ਦੇ ਸਬੰਧਾਂ ਨੂੰ ਪ੍ਰਭਾਵਤ ਕੀਤਾ ਜਾ ਸਕੇ।

ਮੈਨਹਟਨ ਦੀ ਇਕ ਅਦਾਲਤ ਵਿਚ ਦਾਇਰ ਅਪਰਾਧਕ ਪਟੀਸ਼ਨ ਅਨੁਸਾਰ, ਈਰਾਨ ਵਿਚ ਰਹਿਣ ਵਾਲੇ ਸ਼ਾਕੇਰੀ ਨੇ ਐਫ਼ਬੀਆਈ ਨੂੰ ਦਸਿਆ ਸੀ ਕਿ ਈਰਾਨ ਦੇ ਨੀਮ ਫ਼ੌਜੀ ਰੈਵੋਲਿਊਸ਼ਨਰੀ ਗਾਰਡ ਦੇ ਇਕ ਵਿਅਕਤੀ ਨੇ ਉਸ ਨੂੰ ਪਿਛਲੇ ਸਤੰਬਰ ਵਿਚ ਹੋਰ ਕੰਮ ਬੰਦ ਕਰ ਕੇ 7 ਦਿਨਾਂ ਦੇ ਅੰਦਰ ਟਰੰਪ ਨੂੰ ਮਾਰਨ ਦੀ ਯੋਜਨਾ ਬਣਾਉਣ ਦਾ ਹੁਕਮ ਦਿਤਾ ਸੀ।