ਵਾਸ਼ਿੰਗਟਨ : ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੀਂ ਦਿੱਲੀ ਵਲੋਂ ਕੁਝ ਅਮਰੀਕੀ ਉਤਪਾਦਾਂ ਦੀ ਦਰਾਮਦ ‘ਤੇ ‘ਵੱਧ ਟੈਕਸ’ ਲਾਉਣ ਬਦਲੇ ਪਰਸਪਰ ਟੈਰਿਫ ਲਗਾਉਣ ਦਾ ਆਪਣਾ ਇਰਾਦਾ ਦੁਹਰਾਇਆ ਹੈ। ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਵਾਰੀ ਦਾ ਵੱਟਾ, ਜੇ ਉਹ ਸਾਡੇ ’ਤੇ ਟੈਕਸ ਲਗਾਉਂਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਓਨੀ ਹੀ ਰਕਮ ’ਤੇ ਟੈਕਸ ਲਗਾਉਂਦੇ ਹਾਂ। ਉਹ ਸਾਨੂੰ ਟੈਕਸ ਲਗਾਉਂਦੇ ਹਨ। ਅਸੀਂ ਉਨ੍ਹਾਂ ਨੂੰ ਟੈਕਸ ਲਗਾਉਂਦੇ ਹਾਂ। ਅਤੇ ਉਹ ਸਾਨੂੰ ਟੈਕਸ ਲਗਾਉਂਦੇ ਹਨ। ਲਗਪਗ ਸਾਰੇ ਮਾਮਲਿਆਂ ਵਿੱਚ, ਉਹ ਸਾਡੇ ’ਤੇ ਟੈਕਸ ਲਗਾ ਰਹੇ ਹਨ, ਪਰ ਅਸੀਂ ਉਨ੍ਹਾਂ ‘ਤੇ ਟੈਕਸ ਨਹੀਂ ਲਗਾ ਰਹੇ ਹਾਂ।’’ ਟਰੰਪ ਨੇ ਇਹ ਟਿੱਪਣੀ ਚੀਨ ਨਾਲ ਸੰਭਾਵੀ ਵਪਾਰ ਸਮਝੌਤੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ, ਜੋ ਕੁਝ ਅਮਰੀਕੀ ਉਤਪਾਦਾਂ ’ਤੇ ਵੱਧ ਟੈਕਸ ਲਗਾਉਂਦੇ ਹਨ।