ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਤੋਂ ਇਕ ਦਿਨ ਬਾਅਦ, ਕੈਨੇਡੀਅਨ ਸਰਕਾਰ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਤਵਾਰ ਨੂੰ ਅਮਰੀਕੀ ਉਤਪਾਦਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ ‘ਤੇ ਕੈਨੇਡੀਅਨ ਸਰਕਾਰ ਟੈਰਿਫ ਲਗਾਉਣ ਜਾ ਰਹੀ ਹੈ। ਕੈਨੇਡਾ ਅਮਰੀਕਾ ਤੋਂ ਆਉਣ ਵਾਲੇ ਲਗਭਗ 30 ਬਿਲੀਅਨ ਡਾਲਰ ਦੇ ਉਤਪਾਦਾਂ ‘ਤੇ ਟੈਰਿਫ ਲਗਾਏਗਾ। ਇਨ੍ਹਾਂ ਉਤਪਾਦਾਂ ਦੀ ਸੂਚੀ ਵਿੱਚ ਅਮਰੀਕਾ ਵਿੱਚ ਬਣੀ ਸ਼ਰਾਬ, ਘਰੇਲੂ ਸਾਮਾਨ, ਸੰਦ, ਹਥਿਆਰ, ਡੇਅਰੀ ਉਤਪਾਦ, ਫਲ, ਸਬਜ਼ੀਆਂ, ਕੱਪੜੇ ਆਦਿ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਸਮਾਨ ‘ਤੇ 10 ਫੀਸਦੀ ਟੈਕਸ ਲਗਾਉਣ ਦਾ ਵੀ ਐਲਾਨ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਕ੍ਰਿਸਟੀਆ ਫ੍ਰੀਲੈਂਡ ਨੇ ਅਮਰੀਕੀ ਉਤਪਾਦਾਂ ‘ਤੇ ਟੈਰਿਫ ਲਗਾਉਣ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ, ‘ਅਸੀਂ ਇਸ ਨੂੰ ਲੈ ਕੇ ਲੜਾਈ ਨਹੀਂ ਚਾਹੁੰਦੇ, ਪਰ ਅਸੀਂ ਇਸ ਨੂੰ ਗੁਆਉਣ ਵਾਲੇ ਵੀ ਨਹੀਂ ਹਾਂ।’ ਫ੍ਰੀਲੈਂਡ ਨੇ ਟੈਰਿਫ ਯੁੱਧ ਨੂੰ ਬੁਰਾ ਕਿਹਾ ਅਤੇ ਕਿਹਾ ਕਿ ਇਸ ਨਾਲ ਸਾਰਿਆਂ ਨੂੰ ਨੁਕਸਾਨ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ ਕਿਉਂਕਿ ਉਹ ਕਈ ਵੱਡੇ ਕੰਮਾਂ ਲਈ ਕੈਨੇਡਾ ‘ਤੇ ਨਿਰਭਰ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਹੀ ਕਿਹਾ ਸੀ ਕਿ ਜੇਕਰ ਅਮਰੀਕਾ ਕੈਨੇਡੀਅਨ ਉਤਪਾਦਾਂ ‘ਤੇ ਟੈਰਿਫ ਲਗਾਉਂਦਾ ਹੈ ਤਾਂ ਕੈਨੇਡਾ ਵੀ ਜਵਾਬ ‘ਚ ਅਮਰੀਕੀ ਉਤਪਾਦਾਂ ‘ਤੇ ਟੈਰਿਫ ਲਗਾਏਗਾ।