ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਆਉਣ ‘ਤੇ ਪੂਰੀ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਅਮਰੀਕਾ ਤੇ ਉਥੋਂ ਦੇ ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਜ਼ਰੂਰੀ ਹੈ। ਇਹ ਬੈਨ 9 ਜੂਨ ਤੋਂ ਲਾਗੂ ਹੋ ਰਿਹਾ ਹੈ। ਇਸ ਤੋਂ ਇਲਾਵਾ 7 ਦੇਸ਼ਾਂ ‘ਤੇ ਨਾਗਰਿਕਾਂ ‘ਤੇ ਅੰਸ਼ਿਕ ਰੋਕ ਵੀ ਲਗਾਈ ਗਈ ਹੈ। ਇਹ ਇਮੀਗ੍ਰੇਸ਼ਨ ਤੇ ਨਾਨ-ਇਮੀਗ੍ਰੇਸ਼ਨ ਦੋਵੇਂ ਤਰ੍ਹਾਂ ਦੇ ਵੀਜ਼ੇ ‘ਤੇ ਲਾਗੂ ਹੋਵੇਗਾ।

ਜਿਹੜੇ 12 ਦੇਸ਼ਾਂ ਦੇ ਨਾਗਰਿਕਾਂ ਦੀ US ‘ਚ ਐਂਟਰੀ ਬੈਨ ਕੀਤੀ ਗਈ ਹੈ ਉਨ੍ਹਾਂ ਵਿਚ ਅਫ਼ਗ਼ਾਨਿਸਤਾਨ, ਮਿਆਂਮਾਰ,ਚਾਡ, ਕਾਂਗੋ, ਇਕਵੇਟੋਰੀਅਲ ਗਿਨੀ, ਇਰੀਟ੍ਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੂਡਾਨ ਤੇ ਯਮਨ ਹਨ। ਜਿਨ੍ਹਾਂ ‘ਤੇ ਅੰਸ਼ਿਕ ਬੈਨ ਲਗਾਇਆ ਗਿਆ ਹੈ ਉਨ੍ਹਾਂ ਵਿਚ ਬਰੂੰਡੀ, ਕਿਊਬਾ, ਲਾਓਸ, ਸਿਏਰਾ ਲਿਓਨਾ, ਟੋਗੋ, ਤੁਰਕਮੇਨਿਸਤਾਨ, ਵੇਂਜੁਏਲਾ ਤੇ ਬੈਨ ਲਗਾਇਆ ਗਿਆ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੇ ਵਿਦੇਸ਼ੀ ਨਾਗਰਿਕਾਂ ਤੋਂ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਜੋ ਅੱਤਵਾਦੀ ਹਮਲੇ ਕਰਨ, ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ, ਨਫਰਤ ਫੈਲਾਉਣ ਜਾਂ ਇਮੀਗ੍ਰੇਸ਼ਨ ਕਾਨੂੰਨਾਂ ਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਟਰੰਪ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦੇ ਸਮੇਂ ਸਾਵਧਾਨੀ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੀਜ਼ਾ ਜਾਰੀ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਲੋਕ ਅਮਰੀਕਾ ਨਾ ਆ ਸਕਣ ਜੋ ਅਮਰੀਕੀਆਂ ਜਾਂ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਵੀਜ਼ੇ ‘ਤੇ ਆਉਣ ਵਾਲੇ ਲੋਕ ਸਥਾਈ ਨਿਵਾਸੀ ਬਣ ਜਾਂਦੇ ਹਨ, ਇਸ ਲਈ ਉਨ੍ਹਾਂ ਦੀ ਜਾਂਚ ਜ਼ਿਆਦਾ ਜ਼ਰੂਰੀ ਤੇ ਮੁਸ਼ਕਲ ਹੁੰਦੀ ਹੈ। ਸੁਰੱਖਿਆ ਨੂੰ ਖਤਰਾ ਹੋਣ ‘ਤੇ ਵੀ ਲੋਕਾਂ ਨੂੰ ਕੱਢਣਾ ਮੁਸ਼ਕਲ ਹੁੰਦਾ ਹੈ। ਦੂਜੇ ਪਾਸੇ ਨਾਨ-ਇਮੀਗ੍ਰੇਸ਼ਨ ਵੀਜ਼ੇ ‘ਤੇ ਆਉਣ ਵਾਲਿਆਂ ਦੀ ਜਾਂਚ ਘੱਟ ਹੁੰਦੀ ਹੈ। ਇਸ ਲਈ ਜਿਹੜੇ ਦੇਸ਼ਾਂ ਵਿਚ ਪਛਾਣ ਤੇ ਜਾਣਕਾਰੀ ਸ਼ੇਅਰ ਕਰਨ ਨਾਲ ਜੁੜੀਆਂ ਵਿਵਸਥਾਵਾਂ ਠੀਕ ਨਹੀਂ ਹਨ, ਉਥੇ ਆਉਣ ਵਾਲਿਆਂ ‘ਤੇ ਰੋਕ ਲਗਾਉਣਾ ਜ਼ਰੂਰੀ ਹੈ।