ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਨੇਵੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਵ੍ਹਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਟਰੰਪ ਨੇ ਅਮਰੀਕੀ ਨੇਵੀ ਨੂੰ ਵਿਦੇਸ਼ੀ ਸ਼ਿਪਯਾਰਡਜ਼ ਵਿੱਚ ਆਪਣੇ ਜਹਾਜ਼ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਇੱਕ ਨੈਸ਼ਨਲ ਸਕਿਓਰਿਟੀ ਮੈਮੋਰੈਂਡਮ ’ਤੇ ਦਸਤਖ਼ਤ ਕੀਤੇ ਹਨ। ਇਸ ਤਹਿਤ ਏਅਰਕ੍ਰਾਫਟ ਕੈਰੀਅਰਜ਼ ’ਤੇ ਜੈੱਟ ਫਾਈਟਰ ਜਹਾਜ਼ਾਂ ਨੂੰ ਲਾਂਚ ਕਰਨ ਲਈ ਵਰਤੀ ਜਾਣ ਵਾਲੀ ਤਕਨੀਕ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ।
EMALS ਦੀ ਥਾਂ ਮੁੜ ਆਵੇਗੀ ਸਟੀਮ ਕੈਟਾਪੁਲਟ
ਨਵੇਂ ਹੁਕਮ ਤੋਂ ਬਾਅਦ ਜੇਰਾਲਡ ਆਰ. ਫੋਰਡ ਕਲਾਸ ਦੇ ਚੌਥੇ ਏਅਰਕ੍ਰਾਫਟ ਕੈਰੀਅਰ ’ਤੇ ਇਲੈਕਟ੍ਰੋਮੈਗਨੈਟਿਕ ਏਅਰਕ੍ਰਾਫਟ ਲਾਂਚ ਸਿਸਟਮ ਯਾਨੀ EMALS ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੀ ਥਾਂ ਪੁਰਾਣੀ ਸਟੀਮ ਕੈਟਾਪੁਲਟ ਤਕਨੀਕ ਨੂੰ ਮੁੜ ਵਰਤਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇਸ ਕਲਾਸ ਦੇ ਤਿੰਨ ਜਹਾਜ਼ਾਂ ਵਿੱਚ EMALS ਤਕਨੀਕ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਮਾਹਿਰਾਂ ਅਤੇ ਰਿਪੋਰਟਾਂ ਮੁਤਾਬਕ ਡਿਜ਼ਾਈਨ ਦੇ ਇਸ ਪੜਾਅ ’ਤੇ ਇੰਨਾ ਵੱਡਾ ਬਦਲਾਅ ਕਰਨ ਨਾਲ ਅਮਰੀਕੀ ਟੈਕਸਦਾਤਿਆਂ ’ਤੇ ਵਾਧੂ ਖਰਚ ਦਾ ਬੋਝ ਪੈ ਸਕਦਾ ਹੈ।
EMALS ਨੂੰ ਲੈ ਕੇ ਟਰੰਪ ਪਹਿਲਾਂ ਤੋਂ ਆਲੋਚਕ
ਡੋਨਲਡ ਟਰੰਪ ਲੰਬੇ ਸਮੇਂ ਤੋਂ ਨੇਵੀ ਦੇ ਇਲੈਕਟ੍ਰੋਮੈਗਨੈਟਿਕ ਲਾਂਚ ਸਿਸਟਮ ਦੇ ਆਲੋਚਕ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨਵਾਂ ਇਲੈਕਟ੍ਰੋਮੈਗਨੈਟਿਕ ਸਿਸਟਮ ਪੁਰਾਣੀ ਸਟੀਮ ਕੈਟਾਪੁਲਟ ਤਕਨੀਕ ਦੇ ਮੁਕਾਬਲੇ ਕਾਫ਼ੀ ਮਹਿੰਗਾ ਹੈ ਅਤੇ ਇਸ ਦੀ ਕਾਰਗੁਜ਼ਾਰੀ ਵੀ ਉਮੀਦ ਮੁਤਾਬਕ ਨਹੀਂ ਹੈ।
ਟਰੰਪ ਨੇ ਹਾਲ ਹੀ ਵਿੱਚ ਪੈਨਸਿਲਵੇਨੀਆ ਵਿੱਚ ਹੋਏ ਇੱਕ ਸਮਿੱਟ ਦੌਰਾਨ ਵੀ ਇਸ ਸਿਸਟਮ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇਲੈਕਟ੍ਰਿਕ ਕੈਟਾਪੁਲਟ ’ਤੇ ਅਰਬਾਂ ਡਾਲਰ ਵੱਧ ਖਰਚ ਕੀਤੇ ਗਏ ਹਨ, ਪਰ ਉਹ ਉਨ੍ਹਾਂ ਦੇ ਮੁਤਾਬਕ ਉੱਨੇ ਚੰਗੇ ਨਹੀਂ ਹਨ ਅਤੇ ਕਾਫ਼ੀ ਜਟਿਲ ਹਨ।
EMALS ਬਣਾਉਣ ਵਾਲੀ ਕੰਪਨੀ ਨੇ ਜਤਾਈ ਚਿੰਤਾ
ਦੂਜੇ ਪਾਸੇ EMALS ਬਣਾਉਣ ਵਾਲੀ ਕੰਪਨੀ ਜਨਰਲ ਐਟੋਮਿਕਸ ਨੇ ਟਰੰਪ ਦੇ ਫੈਸਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਡੋਰਿਸ ਮਿਲਰ ਏਅਰਕ੍ਰਾਫਟ ਕੈਰੀਅਰ ’ਤੇ ਇਸ ਸਿਸਟਮ ਦੀ ਵਰਤੋਂ ਰੋਕਣ ਦੇ ਫੈਸਲੇ ’ਤੇ ਸਰਕਾਰ ਨੂੰ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਲੋੜ ਹੈ।














