ਨਵੀਂ ਦਿੱਲੀ, 19 ਅਗਸਤ

ਕੇਂਦਰੀ ਹਾਈਵੇਅ ਮੰਤਰਾਲੇ ਨੇ ਰਾਜਾਂ ਵਿਚ ਟਰੈਫਿਕ ਪ੍ਰਬੰਧਨ ਏਜੰਸੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਚਾਲਕਾਂ ਨੂੰ 15 ਦਿਨਾਂ ਅੰਦਰ ਨੋਟਿਸ ਭੇਜੇ ਜਾਣ ਤੇ ਇਸ ਸਬੰਧੀ ਇਲੈਕਟਰਾਨਿਕ ਰਿਕਾਰਡ ਉਦੋਂ ਤਕ ਸਾਂਭ ਕੇ ਰੱਖਿਆ ਜਾਵੇ ਜਦ ਤਕ ਚਾਲਕਾਂ ਵਲੋਂ ਚਾਲਾਨਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ। ਕੇਂਦਰ ਨੇ ਮੋਟਰ ਵਹੀਕਲ ਐਕਟ ਵਿਚ ਸੋਧ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਚਾਲਾਨ ਜਾਰੀ ਕਰਨ ਵੇਲੇ ਇਲੈਕਟਰੋਨਿਕ ਉਪਕਰਣ ਵਰਤੇ ਜਾਣ। ਨਵੇਂ ਨਿਯਮਾਂ ਅਨੁਸਾਰ ਇਲੈਕਟਰੋਨਿਕ ਐਨਫੋਰਸਮੈਂਟ ਡਿਵਾਇਸ ਵਿਚ ਸਪੀਡ ਕੈਮਰਾ, ਆਧੁਨਿਕ ਕੈਮਰੇ, ਸਪੀਡ ਗਨ, ਸਰੀਰ ’ਤੇ ਲੱਗਣ ਵਾਲੇ ਕੈਮਰੇ, ਡੈਸ਼ਬੋਰਡ ਕੈਮਰੇ, ਨੰਬਰ ਪਲੇਟ ਨੂੰ ਪਛਾਣਨ ਵਾਲੇ ਕੈਮਰੇ ਆਦਿ ਹਨ।