ਨਵੀਂ ਦਿੱਲੀ:ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੌਰਾਨ ਟੀਮ ਟਰੈਪ ਮੁਕਾਬਲਿਆਂ ਵਿੱਚ ਭਾਰਤ ਦੇ ਪੁਰਸ਼ਾਂ ਅਤੇ ਮਹਿਲਾਵਾਂ ਨੇ ਸੋਨ ਤਗਮਾ ਜਿੱਤ ਕੇ ਆਪਣੀ ਮੁਹਿੰਮ ਸ਼ਾਨਦਾਰ ਤਰੀਕੇ ਖ਼ਤਮ ਕੀਤੀ। ਪੁਰਸ਼ਾਂ ਦੇ ਟੀਮ ਟਰੈਪ ਮੁਕਾਬਲਿਆਂ ਵਿੱਚ ਅੱਜ ਭਾਰਤ ਦੇ ਕੇਨਾਨ ਚੇਨਾਈ, ਪ੍ਰਿਥਵੀਰਾਜ ਟੋਂਡਾਈਮਾਨ ਅਤੇ ਲਕਸ਼ੈ ਸ਼ੇਓਰਾਨ ਨੇ ਸਲੋਵਾਕੀਆ ਦੀ ਮਿਸ਼ੇਲ ਸਲਾਮਕਾ, ਫਿਲਿਪ ਮਾਰਿਨੋਵ ਅਤੇ ਐਡ੍ਰੀਅਨ ਡ੍ਰੋਬਨੀ ਦੀ ਟੀਮ ਨੂੰ 6-4 ਨਾਲ ਹਰਾਇਆ। ਇਸੇ ਤਰ੍ਹਾਂ ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਸ਼੍ਰੇਅਸੀ ਸਿੰਘ, ਰਾਜੇਸ਼ਵਰੀ ਕੁਮਾਰੀ ਅਤੇ ਮਨੀਸ਼ਾ ਕੀਰ ਦੀ ਭਾਰਤੀ ਤਿਕੜੀ ਨੇ ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੀ ਟੀਮ ਸਾਰਸੇਂਕੁਲ ਰਿਸਬੇਕੋਵਾ, ਏਜ਼ਾਨ ਦੋਸਮਾਗਾਮਬੇਤੋਵਾ ਅਤੇ ਮਾਰੀਆ ਦਿਮਿਤ੍ਰਿਏਂਕੋ ਨੂੰ 6-0 ਨਾਲ ਹਰਾਇਆ। ਇਸ ਟੂਰਨਾਮੈਂਟ ਵਿੱਚ ਭਾਰਤ 15 ਸੋਨ ਤਗਮੇ, ਨੌਂ ਚਾਂਦੀ ਤੇ ਛੇ ਕਾਂਸੀ ਦੇ ਤਗਮੇ ਜਿੱਤ ਕੇ ਸੂਚੀ ’ਚ ਪਹਿਲੇ ਸਥਾਨ ’ਤੇ ਰਿਹਾ।