ਓਟਵਾ, 16 ਅਕਤੂਬਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ 26 ਅਕਤੂਬਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਖੁਲਾਸਾ ਕਰਨਗੇ। ਇਸ ਵਾਰੀ ਆਪਣੇ ਤੀਜੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਵਿਡ-19 ਖਿਲਾਫ ਵਿੱਢੀ ਜੰਗ ਉੱਤੇ ਆਪਣਾ ਬਹੁਤਾ ਧਿਆਨ ਦੇਣਗੇ ਤੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਆਪਣਾ ਪੂਰਾ ਜ਼ੋਰ ਲਾਉਣਗੇ।
ਫਿਰ 22 ਨਵੰਬਰ ਨੂੰ ਪਾਰਲੀਆਮੈਂਟ ਦਾ ਸੈਸ਼ਨ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਟਰੂਡੋ ਦੇ ਮੰਤਰੀ ਇੱਕ ਮਹੀਨੇ ਤੱਕ ਆਪਣੇ ਨਵੇਂ ਕੰਮ-ਕਾਜ ਨੂੰ ਸਮਝਣ ਤੇ ਸਾਂਭਣ ਵਿੱਚ ਲਾਉਣਗੇ। ਇੱਥੇ ਦੱਸਣਾ ਬਣਦਾ ਹੈ ਕਿ ਮਹਾਂਮਾਰੀ ਦਰਮਿਆਨ 20 ਸਤੰਬਰ ਨੂੰ ਪਈਆਂ ਫੈਡਰਲ ਵੋਟਾਂ ਵਿੱਚ ਇੱਕ ਵਾਰੀ ਮੁੜ ਟਰੂਡੋ ਦੀ ਆਸ ਦੇ ਉਲਟ ਉਨ੍ਹਾਂ ਨੂੰ ਓਨੀਆਂ ਵੋਟਾਂ ਹਾਸਲ ਨਹੀਂ ਹੋਈਆਂ ਕਿ ਉਹ ਬਹੁਗਿਣਤੀ ਸਰਕਾਰ ਬਣਾ ਸਕਣ।
ਇੱਕ ਲਿਖਤੀ ਬਿਆਨ ਵਿੱਚ ਟਰੂਡੋ ਦੇ ਆਫਿਸ ਨੇ ਆਖਿਆ ਕਿ ਕੈਨੇਡੀਅਨ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਫੋਨ ਉੱਤੇ ਗੱਲਬਾਤ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਸ ਦੌਰਾਨ ਟਰੂਡੋ ਵਿਰੋਧੀ ਆਗੂਆਂ ਨਾਲ ਇਹ ਵਿਚਾਰ ਚਰਚਾ ਵੀ ਕਰਨੀ ਚਾਹੁੰਦੇ ਹਨ ਕਿ ਮਹਾਂਮਾਰੀ ਦੀ ਚੌਥੀ ਵੇਵ ਦਰਮਿਆਨ ਹਾਊਸ ਆਫ ਕਾਮਨਜ਼ ਦੀ ਕਾਰਵਾਈ ਕਿਸ ਤਰ੍ਹਾਂ ਸੁ਼ਰੂ ਕੀਤੀ ਜਾਵੇ।
ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਸੱਭ ਤੋਂ ਪਹਿਲਾਂ ਤਾਂ ਟਰੂਡੋ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਹਾਊਸ ਆਫ ਕਾਮਨਜ਼ ਦਾਖਲ ਹੋਣ ਤੋਂ ਪਹਿਲਾਂ ਸਾਰੇ ਮੈਂਬਰ ਪਾਰਲੀਆਮੈਂਟ ਵੈਕਸੀਨੇਸ਼ਨ ਕਰਵਾ ਕੇ ਆਉਣ।ਇਸ ਮਾਮਲੇ ਉੱਤੇ ਲਿਬਰਲ, ਬਲਾਕ ਕਿਊਬਿਕੁਆ ਤੇ ਐਨਡੀਪੀ ਸਹਿਮਤ ਹਨ।
ਪਰ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਇਹ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਿੰਨੇ ਐਮਪੀਜ਼ ਪੂਰਾ ਟੀਕਾਕਰਣ ਕਰਵਾ ਚੁੱਕੇ ਹਨ। ਇੱਥੇ ਹੀ ਬੱਸ ਨਹੀਂ ਓਟੂਲ ਹੁਣ ਤੱਕ ਇਹ ਪੱਖ ਵੀ ਪੂਰਦੇ ਰਹੇ ਹਨ ਕਿ ਪਰਸਨਲ ਹੈਲਥ ਚੁਆਇਸ ਬਣਾਉਣਾ ਸਾਰਿਆਂ ਦਾ ਅਧਿਕਾਰ ਹੈ।