ਮੌਂਟਰੀਅਲ : ਕੈਨੇਡਾ ਦੀਆਂ ਦੋ ਪਾਰਲੀਮਾਨੀ ਸੀਟਾਂ ’ਤੇ ਅੱਜ ਹੋ ਰਹੀ ਜ਼ਿਮਨੀ ਚੋਣ ਦੌਰਾਨ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ ਅਤੇ ਅੱਜ ਤੋਂ ਹੀ ਹਾਊਸ ਆਫ ਕਾਮਨਜ਼ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ ਜਿਥੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚਲਦਾ ਕਰਨ ਲਈ ਕੰਜ਼ਰਵੇਟਿਵ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਜੇ ਸੱਤਾਧਾਰੀ ਲਿਬਰਲ ਪਾਰਟੀ ਮੌਂਟਰੀਅਲ ਸੀਟ ਬਚਾਉਣ ਵਿਚ ਨਾਕਾਮਯਾਬ ਰਹੀ ਅਤੇ ਵਿੰਨੀਪੈਗ ਸੀਟ ਐਨ.ਡੀ.ਪੀ. ਦੇ ਹੱਥੋਂ ਨਿਕਲ ਗਈ ਤਾਂ ਟਰੂਡੋ ਸਰਕਾਰ ਦਾ ਪਤਨ ਹੋਣ ਵਿਚ ਜ਼ਿਆਦਾ ਦਿਨ ਨਹੀਂ ਲੱਗਣਗੇ।

ਮੌਂਟਰੀਅਲ ਵਿਚ ਪੈਂਦੀ ਲਾਸਾਲ-ਇਮਾਰਡ-ਵਰਡਨ ਸੀਟ ’ਤੇ ਇਸ ਵਾਰ ਲਿਬਰਲਾਂ, ਐਨ.ਡੀ.ਪੀ. ਅਤੇ ਬਲੌਕ ਕਿਊਬੈਕ ਦਰਮਿਆਨ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਜਦਕਿ ਵਿੰਨੀਪੈਗ ਦੀ ਐਲਮਵੁੱਡ-ਟ੍ਰਾਂਸਕੌਨਾ ਸੀਟ ’ਤੇ ਐਨ.ਡੀ.ਪੀ. ਅਦੇ ਕੰਜ਼ਰਵੇਟਿਵ ਵਿਚਾਲੇ ਟੱਕਰ ਹੋ ਰਹੀ ਹੈ। ਐਲਮਵੁੱਡ-ਟ੍ਰਾਂਸਕੌਨਾ ਸੀਟ ’ਤੇ 1988 ਤੋਂ 2008 ਤੱਕ ਐਨ.ਡੀ.ਪੀ. ਦੇ ਬਿਲ ਬਲੇਕੀ ਐਮ.ਪੀ. ਰਹੇ ਅਤੇ 2015 ਤੋਂ ਹੁਣ ਤੱਕ ਬਿਲ ਦੇ ਬੇਟੇ ਡੈਨੀਅਲ ਬਲੇਕੀ ਦੀ ਚੜ੍ਹਤ ਰਹੀ। ਡੈਨੀਅਲ ਵੱਲੋਂ ਸੂਬਾ ਸਰਕਾਰ ਵਿਚ ਜ਼ਿੰਮੇਵਾਰੀ ਸੰਭਾਲਣ ਮਗਰੋਂ ਸੀਟ ਖਾਲੀ ਹੋ ਗਈ ਅਤੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ। ਭਾਵੇਂ ਮੈਨੀਟੋਬਾ ਵਿਧਾਨ ਸਭਾ ਚੋਣਾਂ ਦੌਰਾਨ ਐਨ.ਡੀ.ਪੀ. ਦੇ ਕਾਰਗੁਜ਼ਾਰੀ ਬਿਹਤਰ ਰਹੀ ਪਰ ਪਾਰਲੀਮਾਨੀ ਚੋਣਾਂ ਵਿਚ ਨਤੀਜੇ ਵੱਖਰੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।