ਓਟਵਾ, 16 ਅਗਸਤ : ਜਸਟਿਨ ਟਰੂਡੋ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਨਾਲ ਕੈਨੇਡੀਅਨਜ਼ 20 ਸਤੰਬਰ ਨੂੰ ਵੋਟਾਂ ਪਾਉਣਗੇ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਮਹਾਂਮਾਰੀ ਦੇ ਦੌਰ ਵਿੱਚ ਕੈਨੇਡੀਅਨਜ਼ ਕਿਸ ਨੂੰ ਵੋਟਾਂ ਪਾ ਕੇ ਦੇਸ਼ ਦੀ ਵਾਗਡੋਰ ਸਾਂਭਣ ਦਾ ਮੌਕਾ ਦਿੰਦੇ ਹਨ।

ਐਤਵਾਰ ਸਵੇਰ ਨੂੰ ਲਿਬਰਲ ਆਗੂ ਜਸਟਿਨ ਟਰੂਡੋ ਰੀਡੋ ਹਾਲ ਵਿੱਚ ਗਵਰਨਰ ਜਨਰਲ ਮੈਰੀ ਸਾਇਮਨ ਨਾਲ ਮੁਲਾਕਾਤ ਕਰਨ ਲਈ ਗਏ ਤੇ ਉਨ੍ਹਾਂ ਨੂੰ ਸੰਸਦ ਭੰਗ ਕਰਨ ਦੀ ਦਰਖੁਆਸਤ ਕੀਤੀ। ਗਵਰਨਰ ਜਨਰਲ ਵੱਲੋਂ 43ਵੀਂ ਸੰਸਦ ਭੰਗ ਕਰਨ ਦੀ ਟਰੂਡੋ ਦੀ ਅਪੀਲ ਨੂੰ ਮੰਨ ਲਿਆ ਗਿਆ। ਹੁਣ ਗਰਮੀਆਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਵੋਟਾਂ ਪੈਣ ਲਈ 20 ਸਤੰਬਰ ਤਰੀਕ ਤੈਅ ਹੋਈ ਹੈ ਇਸ ਲਈ ਚੋਣ ਕੈਂਪੇਨ 36 ਦਿਨਾਂ ਦੀ ਹੋਵੇਗੀ।
ਪੰਜ ਹਫਤਿਆਂ ਦੀ ਇਸ ਚੋਣ ਕੈਂਪੇਨ ਤੋਂ ਕੈਨੇਡੀਅਨ ਇਹ ਅੰਦਾਜ਼ਾ ਲਾਉਣਗੇ ਕਿ ਉਨ੍ਹਾਂ ਨੇ ਮਹਾਂਮਾਰੀ ਦੌਰਾਨ ਕਿਸ ਆਗੂ ਨੂੰ ਦੇਸ਼ ਚਲਾਉਣ ਦੀ ਜਿ਼ੰਮੇਵਾਰੀ ਦੇਣੀ ਹੈ ਤੇ ਕਿਹੜਾ ਆਗੂ ਉਨ੍ਹਾਂ ਨੂੰ ਇਸ ਮਹਾਮਾਰੀ ਤੋਂ ਪਾਰ ਲਾਵੇਗਾ। ਸਾਇਮਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਟਰੂਡੋ ਨੇ ਰੀਡੋ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਟਰੂਡੋ ਨੇ ਕੈਨੇਡੀਨਜ਼ ਲਈ ਆਖਿਆ ਕਿ ਤੁਸੀਂ ਜਿਹੜੀ ਸਰਕਾਰ ਚੁਣੋਂਗੇ ਉਹ ਤੈਅ ਕਰੇਗੀ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਉਹ ਹੀ ਇਹ ਤੈਅ ਕਰੇਗੀ ਕਿ ਸਾਡਾ ਦੇਸ਼ ਕਿਸ ਦਿਸ਼ਾ ਵਿੱਚ ਜਾਵੇਗਾ। ਇਹ ਹੁਣ ਕੈਨੇਡੀਅਨਜ਼ ਨੇ ਤੈਅ ਕਰਨਾ ਹੈ ਕਿ ਕੋਵਿਡ-19 ਖਿਲਾਫ ਸੰਘਰਸ਼ ਲਈ ਕਿਹੜੀ ਪਾਰਟੀ ਨੂੰ ਚੁਣਨਾ ਹੈ ਜਿਹੜੀ ਉਨ੍ਹਾਂ ਦਾ ਪਾਰ ਉਤਾਰਾ ਕਰ ਸਕੇਗੀ।
ਇਸ ਮੌਕੇ ਪੱਤਰਕਾਰਾਂ ਨੇ ਟਰੂਡੋ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਵੱਲੋਂ ਤੇ ਉਨ੍ਹਾਂ ਦੇ ਕਾਕਸ ਵੱਲੋਂ ਵਾਰੀ ਵਾਰੀ ਇਹ ਆਖਿਆ ਗਿਆ ਸੀ ਕਿ ਮਹਾਂਮਾਰੀ ਦੌਰਾਨ ਚੋਣਾਂ ਕਰਵਾਉਣਾ ਉਨ੍ਹਾਂ ਦੇ ਪਲੈਨ ਵਿੱਚ ਸ਼ਾਮਲ ਨਹੀਂ ਹੈ? ਇਸ ਉੱਤੇ ਟਰੂਡੋ ਨੇ ਆਖਿਆ ਕਿ ਕੈਨੇਡੀਅਨਜ਼ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਅਸੀਂ ਉਹੀ ਕਰ ਰਹੇ ਹਾਂ।ਇਸ ਤੋਂ ਬਾਅਦ ਟਰੂਡੋ ਨੇ ਡਾਊਨਟਾਊਨ ਓਟਵਾ ਦੇ ਹੋਟਲ ਵਿੱਚ ਤਿਆਰ ਕੀਤੇ ਗਏ ਸਟੂਡੀਓ ਤੋਂ ਆਪਣੇ ਉਮੀਦਵਾਰਾਂ ਨਾਲ ਵਰਚੂਅਲ ਮੀਟਿੰਗ ਕੀਤੀ। ਫਿਰ ਉਹ ਬੱਸ ਰਾਹੀਂ ਬਲੇਨਵਿੱਲ, ਕਿਊਬਿਕ ਗਏ, ਜਿੱਥੇ ਉਨ੍ਹਾਂ ਇੱਕ ਕੈਫੇ ਪੈਟੀਓ ਵਿੱਚ ਲੋਕਲ ਉਮੀਦਵਾਰਾਂ ਤੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਅਖੀਰ ਵਿੱਚ ਆਪਣੇ ਕਿਊਬਿਕ ਸਥਿਤ ਪੈਪੀਨਿਊ ਹਲਕੇ ਦਾ ਦੌਰਾ ਵੀ ਕੀਤਾ।
ਸਾਰੀਆਂ ਹੋਰਨਾਂ ਪਾਰਟੀਆਂ ਨੇ ਮਹਾਂਮਾਰੀ ਦਰਮਿਆਨ ਚੋਣਾਂ ਕਰਵਾਉਣ ਲਈ ਟਰੂਡੋ ਨੂੰ ਜਿ਼ੰਮੇਵਾਰ ਦੱਸਦਿਆਂ ਆਪੋ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।ਵਿਰੋਧੀ ਪਾਰਟੀਆਂ ਨੇ ਇਹ ਵੀ ਆਖਿਆ ਕਿ ਟਰੂਡੋ ਆਪਣੇ ਸਿਆਸੀ ਹਿਤਾਂ ਨੂੰ ਸਾਹਮਣੇ ਰੱਖ ਕੇ ਚੱਲ ਰਹੇ ਹਨ। ਪਰ ਇੱਥੇ ਇਹ ਦੱਸਣਾ ਬਣਦਾ ਹੈ ਕਿ ਪੂਰੀਆਂ ਗਰਮੀਆਂ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਚਪੀਤੇ ਇਨ੍ਹਾਂ ਚੋਣਾਂ ਲਈ ਤਿਆਰੀਆਂ ਕਰਦੀਆਂ ਰਹੀਆਂ ਹਨ ਤੇ ਆਪਣੀ ਚੋਣ ਕੈਂਪੇਨ ਚਲਾਉਂਦੀਆਂ ਰਹੀਆਂ ਹਨ।