ਓਟਾਵਾ— ਕੈਨੇਡਾ ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ 18 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਲੈਕਸ਼ਨ ਕੈਨੇਡਾ ਦਾ ਨਵਾਂ ਮੁੱਖ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ। ਸਟਿਫਨ ਪੈਰਾਲਟ ਦਸੰਬਰ 2016 ‘ਚ ਆਪਣੇ ਪੂਰਵਵਰਤੀ ਅਧਿਕਾਰੀ ਮਾਰਕ ਮਾਇਰੇਂਡ ਦੀ ਰਿਟਾਇਰਮੈਂਟ ਤੋਂ ਬਾਅਦ ਤੋਂ ਇਲੈਕਸ਼ਨ ਕੈਨੇਡਾ ਦੇ ਕਾਰਜਕਾਰੀ ਮੁਖੀ ਰਹੇ ਹਨ। ਹੁਣ ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੇ ਉਪ-ਚੋਣਾਂ ਕਰਵਾਉਣ ਲਈ ਉਹ ਹੀ ਜ਼ਿੰਮੇਦਾਰ ਹੋਣਗੇ। ਜੇਕਰ ਕੋਈ ਵੀ ਚੋਣ ਸੁਧਾਰ ਮੁਹਿੰਮ ਪਾਸ ਹੁੰਦੀ ਹੈ ਤਾਂ ਇਸ ਸਬੰਧੀ ਜ਼ਿੰਮੇਦਾਰੀ ਉਨ੍ਹਾਂ ਦੀ ਹੀ ਹੋਵੇਗੀ। 
ਲਿਬਰਲਾਂ ਵਲੋਂ ਇਲੈਕਸ਼ਨਜ਼ ਮੌਡਰਨਾਈਜੇ਼ਸ਼ਨ ਐਕਟ ਸਬੰਧੀ ਬਿੱਲ ਸੀ-76 ਪੇਸ਼ ਕਰਕੇ ਕੈਨੇਡਾ ਦੇ ਇਲੈਕਸ਼ਨ ਲਾਅਜ਼ ‘ਚ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰਜਕਾਰੀ ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਸਕੌਟ ਬ੍ਰਿਸਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਪੈਰਾਲਟ ਵਲੋਂ ਕੁੱਝ ਸਮੇਂ ਤੋਂ ਨਿਭਾਈ ਜਾ ਰਹੀ ਇਸ ਭੂਮਿਕਾ ਕਾਰਨ ਕੰਮਕਾਜ ਸੁਖਾਲਾ ਹੋਵੇਗਾ।
ਪੈਰਾਲਟ ਦੀ ਨਾਮਜ਼ਦਗੀ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ‘ਚ ਪੇਸ਼ ਕੀਤੀ ਗਈ ਸੀ ਤੇ ਵਿਧਾਇਕਾਂ ਤੇ ਹਾਊਸ ਅਫੇਅਰਜ਼ ਕਮੇਟੀ ਕੋਲ ਨਾਮਜ਼ਦਗੀ ‘ਤੇ ਵਿਚਾਰ ਕਰਨ ਲਈ 30 ਦਿਨਾਂ ਦਾ ਸਮਾਂ ਹੁੰਦਾ ਹੈ। ਪੈਰਾਲਟ 2007 ‘ਚ ਇਲੈਕਸ਼ਨ ਕੈਨੇਡਾ ਨਾਲ ਜੁੜਨ ਤੋਂ ਪਹਿਲਾਂ ਕਰੀਬ ਇਕ ਦਹਾਕੇ ਤੱਕ ਕੈਨੇਡਾ ਦੇ ਸੁਪਰੀਮ ਕੋਰਟ ਦੇ ਕਲਰਕ ਵਜੋਂ ਸੇਵਾ ਦੇ ਚੁੱਕੇ ਹਨ।