ਓਟਵਾ, 10 ਨਵੰਬਰ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੈਨੇਡਾ ਤੇ ਮੈਕਸਿਕੋ ਦੇ ਆਗੂਆਂ ਨਾਲ 18 ਨਵੰਬਰ ਨੂੰ ਇਨ-ਪਰਸਨ ਮੀਟਿੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਆਪਣੀ ਕਿਸਮ ਦੀ ਵਿਲੱਖਣ ਮੀਟਿੰਗ ਹੋਵੇਗੀ।
ਇਹ ਜਾਣਕਾਰੀ ਓਟਵਾ ਤੋਂ ਮਾਮਲੇ ਦੇ ਜਾਣਕਾਰ ਸੂਤਰ ਵੱਲੋਂ ਦਿੱਤੀ ਗਈ। ਇਸ ਮਾਮਲੇ ਤੋਂ ਜਾਣੂ ਤਿੰਨ ਹੋਰਨਾਂ ਵਿਅਕਤੀਆਂ ਨੇ ਆਖਿਆ ਕਿ ਮੀਟਿੰਗ ਲਈ ਫਾਈਨਲ ਡੀਟੇਲਜ਼ ਉੱਤੇ ਕੰਮ ਚੱਲ ਰਿਹਾ ਹੈ ਅਤੇ ਜੇ ਮੀਟਿੰਗ ਹੁੰਦੀ ਹੈ ਤਾਂ ਉਹ ਅਗਲੇ ਹਫਤੇ ਕਿਸੇ ਸਮੇਂ ਵਾਸਿ਼ੰਗਟਨ ਵਿੱਚ ਹੋਵੇਗੀ। ਓਟਵਾ ਤੇ ਮੈਕਸਿਕੋ ਸਿਟੀ ਦੇ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਅਜੇ ਤੱਕ ਇਹ ਪਲੈਨ ਜਨਤਕ ਨਹੀਂ ਕੀਤਾ ਗਿਆ ਹੈ।
ਬਾਇਡਨ ਵੱਲੋਂ ਮੈਕਸਿਕੋ ਦੇ ਰਾਸ਼ਟਰਪਤੀ ਆਦਰੇਸ ਮੈਨੂਅਲ ਲੋਪੇਜ਼ ਓਬਰਾਡੌਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅਹੁਦਾ ਸਾਂਭਣ ਤੋਂ ਬਾਅਦ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵੱਲੋਂ ਟਰੂਡੋ ਨਾਲ ਰੋਮ ਵਿੱਚ ਹੋਈ ਜੀ-20 ਮੀਟਿੰਗ ਵਿੱਚ ਵੀ ਹਿੱਸਾ ਲਿਆ ਗਿਆ ਸੀ। ਇਸ ਇਨ-ਪਰਸਨ ਮੀਟਿੰਗ ਵਿੱਚ ਇਮੀਗ੍ਰੇਸ਼ਨ, ਐਨਰਜੀ ਤੇ ਟਰੇਡ ਸਬੰਧੀ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ।