ਬਰੱਸਲਜ਼, 14 ਜੂਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ (ਨਾਟੋ) ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਕੈਨੇਡਾ ਵੱਲੋਂ ਯੂਕਰੇਨ ਦੀ ਮਦਦ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਪਰ ਰੂਸ ਨਾਲ ਤਣਾਅ ਦੇ ਚੱਲਦਿਆਂ ਕੈਨੇਡਾ ਨੇ ਇਹ ਨਹੀਂ ਆਖਿਆ ਕਿ ਉਹ ਇਸ ਫੌਜੀ ਗੱਠਜੋੜ ਵਿੱਚ ਕੀਵ ਦੇ ਸ਼ਾਮਲ ਹੋਣ ਦਾ ਸਮਰਥਨ ਕਰੇਗਾ।
ਫੈਡਰਲ ਸਰਕਾਰ ਨੇ ਪਿਛਲੇ ਹਫਤੇ ਆਖਿਆ ਸੀ ਕਿ ਕੈਨੇਡਾ ਇਸ ਰੀਜਨ ਵਿੱਚ ਸਕਿਊਰਿਟੀ ਸਬੰਧੀ ਖਤਰਿਆਂ ਨੂੰ ਖ਼਼ਤਮ ਕਰਕੇ ਹੀ ਸਾਹ ਲਵੇਗਾ।ਪਰ ਉਸ ਸਮੇਂ ਸਰਕਾਰ ਨੇ ਇਹ ਸਪਸ਼਼ਟ ਨਹੀਂ ਸੀ ਕੀਤਾ ਕਿ ਉਹ ਸਿਖਰ ਵਾਰਤਾ ਦੌਰਾਨ ਨਾਟੋ ਦੀ ਮੈਂਬਰਸਿ਼ਪ ਲਈ ਯੂਕਰੇਨ ਦਾ ਸਮਰਥਨ ਕਰੇਗੀ।
ਜਿ਼ਕਰਯੋਗ ਹੈ ਕਿ ਮਾਸਕੋ ਤੇ ਪੱਛਮੀ ਦੇਸ਼ਾਂ ਦਰਮਿਆਨ ਕਈ ਸਾਲਾਂ ਤੋਂ ਚੱਲੇ ਆ ਰਹੇ ਤਣਾਅਪੂਰਣ ਸਬੰਧਾਂ ਤੋਂ ਬਾਅਦ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਜਨੇਵਾ ਵਿੱਚ ਹੋਈ ਆਹਮੋ ਸਾਹਮਣੀ ਮੀਟਿੰਗ ਤੋਂ ਪਹਿਲਾਂ ਹੀ ਯੂਕਰੇਨ ਨੂੰ ਨਾਟੋ ਫੌਜਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈ਼ਲੈਂਸਕੀ ਨੇ ਇਸ ਫੌਜੀ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਵੱਖਰੇ ਤੌਰ ਉੱਤੇ ਲਾਬਿੰਗ ਕਰਕੇ ਪੂਰਾ ਜ਼ੋਰ ਲਾਇਆ। ਇੱਥੇ ਹੀ ਬੱਸ ਨਹੀਂ ਜੈ਼ਲੈਂਸਕੀ ਨੇ ਇਸ ਬਾਰੇ ਟਰੂਡੋ ਤੇ ਬਾਇਡਨ ਨਾਲ ਵੀ ਵੱਖਰੇ ਤੌਰ ਉੱਤੇ ਇਸ ਬਾਰੇ ਸਲਾਹ ਮਸ਼ਵਰਾ ਕੀਤਾ। ਇਸ ਤੋਂ ਪਹਿਲਾਂ ਵੀ ਕੈਨੇਡਾ ਯੂਕਰੇਨ ਦੇ ਨਾਟੋ ਫੌਜਾਂ ਵਿੱਚ ਸ਼ਾਮਲ ਹੋਣ ਦੀ ਪੈਰਵੀ ਕਰ ਚੁੱਕਿਆ ਹੈ।