ਓਟਵਾ, 27 ਜੁਲਾਈ : ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ। ਟਰੂਡੋ ਵੱਲੋਂ ਸੱਤ ਨਵੇਂ ਚਿਹਰਿਆਂ ਨੂੰ ਆਪਣੇ ਫਰੰਟ ਬੈਂਚ ਵਿੱਚ ਸ਼ਾਮਲ ਕੀਤਾ ਗਿਆ, ਸੱਤ ਮੰਤਰੀਆਂ ਨੂੰ ਅਲਵਿਦਾ ਆਖਿਆ ਗਿਆ ਤੇ ਬਹੁਗਿਣਤੀ ਕੈਬਨਿਟ ਮੈਂਬਰਾਂ ਦੀਆਂ ਭੂਮਿਕਾਵਾਂ ਨੂੰ ਮੁੜ ਨਿਰਧਾਰਤ ਕੀਤਾ ਗਿਆ।
ਗਵਰਨਰ ਜਨਰਲ ਮੈਰੀ ਸਾਇਮਨ ਦੀ ਅਗਵਾਈ ਵਿੱਚ ਰੀਡੋ ਹਾਲ ਵਿਖੇ ਆਯੋਜਿਤ ਸਮਾਰੋਹ ਵਿੱਚ ਟਰੂਡੋ ਨੇ ਅੱਠ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਘੱਟ ਗਿਣਤੀ ਲਿਬਰਲ ਸਰਕਾਰ ਦੇ ਏਜੰਡੇ ਨੂੰ ਮੁੜ ਸੈੱਟ ਕੀਤਾ। ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਮੰਨਿਆ ਕਿ ਇਹ ਤਬਦੀਲੀ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਇੱਕ ਪਾਸੇ ਯੂਕਰੇਨ ਦੀ ਜੰਗ ਚੱਲ ਰਹੀ ਹੈ, ਵਿਦੇਸ਼ੀ ਦਖ਼ਲ ਵੱਧ ਚੁੱਕੀ ਹੈ ਤੇ ਮਹਿੰਗਾਈ ਸਾਰੇ ਹੱਦ ਬੰਨੇ ਟੱਪ ਚੁੱਕੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਸਕਾਰਾਤਮਕ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਮਾਂ ਚੁਣੌਤੀਆਂ ਭਰਿਆ ਚੱਲ ਰਿਹਾ ਹੈ ਪਰ ਅਸੀਂ ਕੈਨੇਡੀਅਨਜ਼ ਲਈ ਬਿਹਤਰ ਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਹਰ ਸੰਭਵ ਕੋਸਿ਼ਸ਼ ਕਰਨੀ ਜਾਰੀ ਰੱਖਾਂਗੇ।
ਬਹੁਤੇ ਮੰਤਰੀ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਸਨ ਤੇ ਸਾਰਿਆਂ ਦੀਆਂ ਨਜ਼ਰਾਂ ਅਨੀਤਾ ਆਨੰਦ ਉੱਤੇ ਟਿਕੀਆਂ ਹੋਈਆਂ ਸਨ।ਅਨੀਤਾ ਆਨੰਦ ਨੂੰ ਰੱਖਿਆ ਮੰਤਰੀ ਦੇ ਅਹਿਮ ਅਹੁਦੇ ਤੋਂ ਹਟਾ ਕੇ ਖਜ਼ਾਨਾ ਬੋਰਡ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਇਹ ਵੀ ਬਹੁਤ ਜਿ਼ੰਮੇਵਾਰੀ ਵਾਲਾ ਤੇ ਅਹਿਮ ਅਹੁਦਾ ਹੈ।ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਕਿ ਰੱਖਿਆ ਮੰਤਰੀ ਵਜੋਂ ਆਪਣਾ ਕੰਮ ਅਧੂਰਾ ਛੱਡ ਕੇ ਆਉਣ ਨਾਲ ਉਸ ਨੂੰ ਕਿਹੋ ਜਿਹਾ ਲੱਗ ਰਿਹਾ ਹੈ ਤਾਂ ਉਨ੍ਹਾਂ ਆਖਿਆ ਕਿ ਜਿੱਥੇ ਉਹ ਆਪਣਾ ਕੰਮ ਅਧੂਰਾ ਛੱਡ ਕੇ ਆਈ ਹੈ ਉੱਥੋਂ ਹੀ ਮੰਤਰੀ ਬਿੱਲ ਬਲੇਅਰ ਕੰਮ ਨੂੰ ਪੂਰਾ ਕਰਨਗੇ। ਸਾਬਕਾ ਪੁਲਿਸ ਤੇ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ।ਯੂਕਰੇਨ ਵਿੱਚ ਚੱਲ ਰਹੀ ਜੰਗ ਤੇ ਰੱਖਿਆ ਮੰਤਰਾਲੇ ਨਾਲ ਜੁੜੇ ਖਰਚਿਆਂ ਦੇ ਦਬਾਅ ਵਿੱਚ ਬਲੇਅਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣੀ ਹੋਵੇਗੀ।
ਜਿਸ ਸਮੇਂ ਅਫੋਰਡੇਬਿਲਿਟੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਜਿਹੇ ਵਿੱਚ ਹਾਊਸਿੰਗ, ਇਨਫਰਾਸਟ੍ਰਕਚਰ ਤੇ ਕਮਿਊਨਿਟੀਜ਼ ਮੰਤਰੀ ਸ਼ੌਨ ਫਰੇਜ਼ਰ ਨੂੰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਫਰੇਜ਼ਰ ਇਮੀਗ੍ਰੇਸ਼ਨ ਮੰਤਰੀ ਸਨ।ਰੈਂਡੀ ਬੌਇਸੋਨਾਲਟ ਨੂੰ ਇੰਪਲੌਇਮੈਂਟ, ਵਰਕਫੋਰਸ ਡਿਵੈਲਪਮੈਂਟ ਮੰਤਰੀ ਦੇ ਨਾਲ ਨਾਲ ਲੈਂਗੁਏਜਿਜ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਮੈਰੀ ਐਨਜੀ ਹੁਣ ਐਕਸਪੋਰਟ ਪ੍ਰਮੋਸ਼ਨ, ਇੰਟਰਨੈਸ਼ਨਲ ਟਰੇਡ ਤੇ ਇਕਨੌਮਿਕ ਡਿਵੈਲਪਮੈਂਟ ਮੰਤਰੀ ਹੋਵੇਗੀ।
ਟਰੂਡੋ ਦੇ ਨਜ਼ਦੀਕੀ ਸਹਾਇਕ ਤੇ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਦੋਸਤ ਡੌਮੀਨਿਕ ਲੀਬਲਾਂਕ ਪਬਲਿਕ ਸੇਫਟੀ, ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਤੇ ਇੰਟਰਗਵਰਮੈਂਟਲ ਮਾਮਲਿਆਂ ਦੇ ਮੰਤਰੀ ਹੋਣਗੇ। ਉਨ੍ਹਾਂ ਦੇ ਮੋਢਿਆਂ ਉੱਤੇ ਪ੍ਰੋਵਿੰਸਾਂ ਨਾਲ ਸਬੰਧਾਂ ਨੂੰ ਕਾਇਮ ਰੱਖਣ, ਵਿਦੇਸ਼ੀ ਦਖ਼ਲ ਦੀ ਜਨਤਕ ਜਾਂਚ ਸਬੰਧੀ ਚੱਲ ਰਹੀ ਗੱਲਬਾਤ ਦਾ ਹੱਲ ਕੱਢਣ ਤੇ ਅਹਿਮ ਗੰਨ ਕੰਟਰੋਲ ਕਾਨੂੰਨ ਤੇ ਨਾਲ ਨਾਲ ਆਰਸੀਐਮਪੀ ਸੁਧਾਰਾਂ ਦੀ ਜਿ਼ੰਮੇਵਾਰੀ ਹੋਵੇਗੀ। ਪਾਬਲੋ ਰੌਡਰਿਗਜ਼ ਨੂੰ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਕਿਊਬਿਕ ਦੇ ਲੈਫਟੀਨੈਂਟ ਦੀ ਭੂਮਿਕਾ ਨਿਭਾਉਣੀ ਵੀ ਜਾਰੀ ਰੱਖਣਗੇ।ਕੈਨੇਡੀਅਨ ਹੈਰੀਟੇਜ ਮਹਿਕਮਾ ਪਾਸਕਲ ਸੇਂਟ-ਓਜ ਨੂੰ ਦਿੱਤਾ ਗਿਆ ਹੈ।ਜੀਨ ਯਵੇਸ ਡਕਲਸ, ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਮੰਤਰੀ ਬਣ ਗਏ ਹਨ।ਹਾਊਸ ਲੀਡਰ ਮਾਰਕ ਹੌਲੈਂਡ ਨੂੰ ਸਿਹਤ ਮਹਿਕਮਾ ਦਿੱਤਾ ਗਿਆ ਹੈ। ਹਾਊਸ ਆਫ ਕਾਮਨਜ਼ ਵਿੱਚ ਕਰੀਨਾ ਗੋਲਡ ਸਰਕਾਰ ਦੀ ਨਵੀਂ ਲੀਡਰ ਹੋਵੇਗੀ।
ਜੌਨਾਥਨ ਨੂੰ ਕੈਨੇਡਾ ਦਾ ਐਨਰਜੀ ਮੰਤਰੀ ਥਾਪਿਆ ਗਿਆ ਹੈ ਪਰ ਉਹ ਨੈਚੂਰਲ ਰਿਸੋਰਸਿਜ਼ ਵਾਲੀ ਜਿ਼ੰਮੇਵਾਰੀ ਵੀ ਨਿਭਾਉਂਦੇ ਰਹਿਣਗੇ। ਇਸੇ ਤਰ੍ਹਾਂ ਸੀਮਸ ਓਰੀਗਨ ਲੇਬਰ ਮੰਤਰੀ ਦੀ ਭੂਮਿਕਾ ਨਿਭਾਉਂਦੇ ਰਹਿਣਗੇ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਮਨਿਸਟਰ ਆਫ ਸੀਨੀਅਰਜ਼ ਦੀ ਜਿ਼ੰਮੇਵਾਰੀ ਵੀ ਦਿੱਤੀ ਗਈ ਹੈ।ਐਟਲਾਂਟਿਕ ਕੈਨੇਡੀਅਨਜ਼ ਨੂੰ ਦਿੱਤੀਆਂ ਗਈਆਂ ਨਵੀਆਂ ਭੂਮਿਕਾਵਾਂ ਵਿੱਚ ਗੁਡੀ ਹਚਿੰਗਜ਼ ਰੂਰਲ ਇਕਨੌਮਿਕ ਡਿਵੈਲਪਮੈਂਟ ਮੰਤਰੀ ਤਾਂ ਬਣੀ ਰਹੇਗੀ ਪਰ ਇਸ ਦੇ ਨਾਲ ਹੀ ਉਸ ਨੂੰ ਐਟਲਾਂਟਿਕ ਕੈਨੇਡਾ ਓਪਰਚੁਨਿਟੀਜ਼ ਏਜੰਸੀ ਦਾ ਕੰਮ ਵੀ ਵੇਖਣਾ ਹੋਵੇਗਾ। ਲਾਅਰੈਂਸ ਮੈਕੌਲੇਅ ਨੂੰ ਐਗਰੀਕਲਚਰ ਤੇ ਐਗਰੀ-ਫੂਡ ਮੰਤਰੀ ਨਿਯੁਕਤ ਕੀਤਾ ਗਿਆ ਹੈ। ਜਿਨੈੱਟ ਪੈਟੀਟਪਸ ਟੇਲਰ ਨੂੰ ਵੈਟਰਨਜ਼ ਅਫੇਅਰਜ਼ ਮੰਤਰੀ ਤੇ ਨੈਸ਼ਨਲ ਡਿਫੈਂਸ ਦਾ ਐਸੋਸਿਏਟ ਮੰਤਰੀ ਬਣਾਇਆ ਗਿਆ ਹੈ।
ਹਰਜੀਤ ਸੱਜਣ, ਕਿੰਗਜ਼ ਪ੍ਰਿਵੀ ਕਾਊਂਸਲ ਦੇ ਪ੍ਰੈਜ਼ੀਡੈਂਟ ਹੋਣਗੇ ਤੇ ਇਸ ਦੇ ਨਾਲ ਹੀ ਉਹ ਐਮਰਜੰਸੀ ਪ੍ਰਿਪੇਅਰਡਨੈੱਸ ਮ਼਼ੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੈਸੇਫਿਕ ਇਕਨੌਮਿਕ ਡਿਵੈਲਪਮੈਂਟ ਏਜੰਸੀ ਆਫ ਕੈਨੇਡਾ ਮੰਤਰੀ ਦੀ ਜਿ਼ੰਮੇਵਾਰੀ ਵੀ ਸੌਂਪੀ ਗਈ ਹੈ। ਬੀਸੀ ਤੋਂ ਮੰਤਰੀ ਤੇ ਪੈਰਾਲੰਪੀਅਨ ਕਾਰਲਾ ਕੁਆਲਤਰੋ ਨੂੰ ਇੱਕ ਵਾਰੀ ਫਿਰ ਖੇਡ ਤੇ ਫਿਜ਼ੀਕਲ ਐਕਟੀਵਿਟੀ ਮੰਤਰੀ ਬਣਾਇਆ ਗਿਆ ਹੈ।ਟਰੂਡੋ ਦੇ ਨੇੜਲੇ ਸਹਿਯੋਗੀ ਮਾਰਕ ਮਿਲਰ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਮੰਤਰੀ ਹੋਣਗੇ। ਅਹਿਮਦ ਹੁਸੈਨ ਤੋਂ ਹਾਊਸਿੰਗ ਮਹਿਕਮਾ ਲੈ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਨਿਯੁਕਤ ਕੀਤਾ ਗਿਆ ਹੈ। ਡਾਇਵਰਸਿਟੀ, ਇਨਕਲੂਜ਼ਨ ਐਂਡ ਪਰਸਨਜ਼ ਵਿੱਦ ਡਿਸਐਬਿਲਿਟੀ ਮੰਤਰੀ ਕਮਲ ਖਹਿਰਾ ਹੋਵੇਗੀ। ਇਸ ਦੇ ਨਾਲ ਹੀ ਮੈਰੀ ਕਲਾਡ ਬਿਬਿਊ ਨੂੰ ਨੈਸ਼ਨਲ ਰੈਵਨਿਊ ਮੰਤਰੀ ਥਾਪਿਆ ਗਿਆ ਹੈ।ਸਾਬਕਾ ਸੀਆਰਏ ਮੰਤਰੀ ਡਿਆਨੇ ਲੀਬੂਥੀਲੀਅਰ ਹੁਣ ਫਿਸ਼ਰੀਜ਼, ਓਸ਼ਨਜ਼ ਐਂਡ ਦ ਕੈਨੇਡੀਅਨ ਕੋਸਟ ਗਾਰਡ ਮੰਤਰੀ ਹੋਵੇਗੀ।
ਬੁੱਧਵਾਰ ਨੂੰ ਹੋਣ ਜਾ ਰਹੀ ਇਸ ਫੇਰਬਦਲ ਬਾਰੇ ਸੀਨੀਅਰ ਸਰਕਾਰੀ ਸੂਤਰਾਂ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ,ਉਸ ਮੁਤਾਬਕ ਹੀ ਸੱਤ ਮੰਤਰੀ ਕੈਬਨਿਟ ਤੋਂ ਬਾਹਰ ਹੋ ਗਏ ਹਨ, ਇਨ੍ਹਾਂ ਵਿੱਚ ਓਮਰ ਅਲਘਬਰਾ, ਜੌਇਸ ਮੁਰੇ, ਹੈਲੇਨਾ ਜੈਕਜ਼ੈਕ, ਕੈਰੋਲਿਨ ਬੈਨੇਟ, ਮਾਰਕੋ ਮੈਂਡੀਸਿਨੋ, ਡੇਵਿਡ ਲਾਮੇਟੀ ਤੇ ਮੋਨਾ ਫੋਰਟੀਅਰ ਸ਼ਾਮਲ ਹਨ।
ਇਨ੍ਹਾਂ ਦੀ ਥਾਂ ਸੱਤ ਨਵੇਂ ਰੰਗਰੂਟ ਐਮਪੀਜ਼ ਨੂੰ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸਕਾਰਬਰੋ-ਰੂਜ਼ ਪਾਰਕ ਤੋਂ ਐਮਪੀ ਗੈਰੀ ਆਨੰਦਸਾਂਗਰੀ ਨੂੰ ਕ੍ਰਾਊਨ-ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਪਾਰਕਡੇਲ-ਹਾਈ ਪਾਰਕ ਤੋਂ ਐਮਪੀ ਆਰਿਫ ਵਿਰਾਨੀ ਨੂੰ ਮਨਿਸਟਰ ਆਫ ਜਸਟਿਸ ਐਂਡ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ।ਇਸੇ ਤਰ੍ਹਾਂ ਬਰਨਾਬੀ ਨੌਰਥ-ਸੇ਼ਅਰਮ,ਬੀਸੀ ਤੋਂ ਐਮਪੀ ਟੈਰੀ ਬੀਚ ਨੂੰ ਸਿਟੀਜ਼ਨਜ਼ ਸਰਵਿਸਿਜ਼ ਮੰਤਰੀ ਦਾ ਨਵਾਂ ਅਹੁਦਾ ਦਿੱਤਾ ਗਿਆ ਹੈ।ਹੋਚੇਲਗਾ, ਕਿਊਬਿਕ ਤੋਂ ਐਮਪੀ ਸੋਰਾਇਆ ਮਾਰਟੀਨੇਜ ਫੇਰਾਡਾ ਟੂਰਿਜ਼ਮ ਮੰਤਰੀ ਹੋਵੇਗੀ ਤੇ ਇਸ ਦੇ ਨਾਲ ਹੀ ਉਹ ਕਿਊਬਿਕ ਇਕਨੌਮਿਕ ਡਿਵੈਲਪਮੈਂਟ ਏਜੰਸੀ ਦੀ ਜਿ਼ੰਮੇਵਾਰੀ ਵੀ ਨਿਭਾਵੇਗੀ।
ਯੌਰਕ ਸੈਂਟਰ, ਓਨਟਾਰੀਓ ਤੋਂ ਐਮਪੀ ਯਾਰਾ ਸਾਕਸ ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਮੰਤਰੀ ਹੋਵੇਗੀ। ਕਨਾਟਾ-ਕਾਰਲਟਨ ਤੋਂ ਐਮਪੀ ਜੈਨਾ ਸੱਡਜ਼ ਨੂੰ ਮਨਿਸਟਰ ਆਫ ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਨਿਯੁਕਤ ਕੀਤਾ ਗਿਆ ਹੈ। ਮਿਸੀਸਾਗਾ-ਸਟਰੀਟਸਵਿੱਲ ਤੋਂ ਐਮਪੀ ਰੇਚੀ ਵਾਲਡੇਜ਼ ਨੂੰ ਮਨਿਸਟਰ ਆਫ ਸਮਾਲ ਬਿਜ਼ਨਸਿਜ਼ ਬਣਾਇਆ ਗਿਆ ਹੈ।
ਜਿ਼ਕਰਯੋਗ ਹੈ ਕਿ ਪਹਿਲਾਂ ਚਾਰ ਮੰਤਰੀਆਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਦੁਬਾਰਾ ਚੋਣਾਂ ਵਿੱਚ ਖੜ੍ਹੇ ਨਹੀਂ ਹੋਣਾ ਚਾਹੁੰਦੇ ਪਰ ਬਾਅਦ ਵਿੱਚ ਬੁੱਧਵਾਰ ਨੂੰ ਹੀ ਫੋਰਟੀਅਰ ਤੇ ਮੈਂਡੀਸਿਨੋ ਨੇ ਇਹ ਆਖਿਆ ਕਿ ਉਹ ਮੁੜ ਚੋਣਾਂ ਵਿੱਚ ਖੜ੍ਹੇ ਹੋ ਸਕਦੇ ਹਨ। ਲਾਮੇਟੀ ਨੇ ਇਸ ਸਵਾਲ ਬਾਰੇ ਕੋਈ ਜਵਾਬ ਹੀ ਨਹੀਂ ਦਿੱਤਾ। ਇਸ ਉੱਤੇ ਜਦੋਂ ਟਰੂਡੋ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਤਿੰਨਾਂ ਮੰਤਰੀਆਂ ਨੂੰ ਕੋਈ ਮਹਿਕਮਾ ਕਿਉਂ ਨਹੀਂ ਦਿੱਤਾ ਗਿਆ ਤਾਂ ਟਰੂਡੋ ਨੇ ਆਖਿਆ ਕਿ ਉਹ ਸੰਭਾਵੀ ਤੌਰ ਉੱਤੇ ਮਜ਼ਬੂਤ ਤੇ ਦਮਦਾਰ ਟੀਮ ਅੱਗੇ ਲਿਆਉਣੀ ਚਾਹੁੰਦੇ ਹਨ, ਜਿਨ੍ਹਾਂ ਵਿੱਚ ਫਰੈਸ਼ ਐਨਰਜੀ ਹੋਵੇ ਤੇ ਜਿਨ੍ਹਾਂ ਕੋਲ ਕਈ ਤਰ੍ਹਾਂ ਦੇ ਹੁਨਰ ਹੋਣ।
ਇਸ ਸਾਰੀ ਫੇਰਬਦਲ ਦੀ ਪ੍ਰਕਿਰਿਆ ਵਿੱਚ ਸਿਰਫ ਅੱਠ ਮੰਤਰੀਆਂ ਨੂੰ ਹਿਲਾਇਆ ਨਹੀਂ ਗਿਆ ਤੇ ਇਨ੍ਹਾਂ ਦੇ ਨਾਂ ਤੇ ਅਹੁਦੇ ਹੇਠ ਲਿਖੇ ਅਨੁਸਾਰ ਹਨ :
· Deputy Prime Minister and Finance Minister Chrystia Freeland;
· Minister of Innovation, Science and Industry Francois-Philippe Champagne;
· Foreign Affairs Minister Melanie Joly;
· Environment and Climate Change Minister Steven Guilbeault;
· Indigenous Services Minister Patty Hajdu;
· Women and Gender Equality and Youth Minister Marci Ien;
· Minister of Northern Affairs Dan Vandal, who also oversees Prairie economic development; and
· Minister Filomena Tassi who is responsible for the Federal Economic Development Agency for Southern Ontario.