ਓਟਾਵਾ— ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ.ਐੱਸ.ਓ) ਨੇ ਕਿਹਾ ਕਿ ਕੈਨੇਡਾ ਦੇ ਲੋਕ 1984 ਕਤਲੇਆਮ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੁਝ ਵੀ ਨਾ ਕੀਤੇ ਜਾਣ ਕਾਰਨ ਬਹੁਤ ਨਾਰਾਜ਼ ਹਨ। ਇਸ ਦੇ ਨਾਲ ਹੀ ਡਬਲਿਊ.ਐੱਸ.ਓ. ਨੇ ਕਿਹਾ ਕਿ ਕਤਲੇਆਮ ਬਾਰੇ ਕੋਈ ਬਿਆਨ ਨਾ ਦੇਣ ਕਾਰਨ ਨਵੇਂ ਚੁਣੇ ਗਏ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਲੋਕਾਂ ਦੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਡਬਲਿਊ.ਐੱਸ.ਓ. ਨੇ ਟਰੂਡੋ ਨੂੰ ਉਨ੍ਹਾਂ ਦੇ 2014 ਦੇ ਇਕ ਬਿਆਨ ਨੂੰ ਯਾਦ ਕਰਾਇਆ, ਜਦੋਂ ਉਹ ਲਿਬਰਲ ਪਾਰਟੀ ਦੇ ਪ੍ਰਧਾਨ ਸਨ। ਉਨ੍ਹਾਂ ਨੇ 2014 ‘ਚ ਕਿਹਾ ਸੀ ਕਿ ਉਨ੍ਹਾਂ ਨੇ ਪਾਰਲੀਮੈਂਟ ‘ਚ ਇਸ ਹਫਤੇ ਕਿਹਾ ਹੈ ਕਿ ਸਾਨੂੰ ਭਾਰਤੀ ਸਰਕਾਰ ਨੂੰ 1984 ਕਤਲੇਆਮ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਦਬਾਅ ਪਾਉਂਦੇ ਰਹਿਣਾ ਚਾਹੀਦਾ ਹੈ ਤੇ ਇਹ 1984 ਦੇ ਪੀੜਤਾਂ ਤੇ ਸਾਰੇ ਭਾਰਤੀ ਵਾਸੀਆਂ ਲਈ ਜ਼ਰੂਰੀ ਹੈ। 1984 ਕਤਲੇਆਮ ਦੀ ਜਵਾਬਦੇਹੀ ਜ਼ਰੂਰੀ ਹੈ। ਸੱਚਾਈ ਤੇ ਸੁਲਾਹ ਹੀ ਕੈਨੇਡਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਡਬਲਿਊ.ਐੱਸ.ਓ. ਨੇ ਕਿਹਾ ਕਿ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਸ ਸਬੰਧ ‘ਚ ਇਕ ਵੀ ਬਿਆਨ ਨਹੀਂ ਦਿੱਤਾ। ਵਰਲਡ ਸਿੱਖ ਆਰਗੇਨਾਜ਼ੇਸ਼ਨ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਅਸੀਂ ਇਹ ਸਮਝਣ ‘ਚ ਅਸਮਰਥ ਹਾਂ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2014 ‘ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਹੁਣ ਤੱਕ ਇਸ ਬਾਰੇ ਕੁਝ ਵੀ ਕਿਉਂ ਨਹੀਂ ਕਿਹਾ।

ਇਸ ਸਬੰਧ ‘ਚ ਉਨ੍ਹਾਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਵੀ ਘੇਰਦਿਆਂ ਕਿਹਾ ਕਿ ਅਜੇ ਤੱਕ ਉਨ੍ਹਾਂ ਜਾਂ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਮੈਂਬਰ ਨੇ ਇਸ ਕਤਲੇਆਮ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਰੂਲਿੰਗ ਪਾਰਟੀ ਦੇ ਮੈਂਬਰਾਂ ਨੇ ਇਸ ਕਤਲੇਆਮ ਨੂੰ ਆਪਣੇ ਮਤਲਬ ਲਈ ਵਰਤਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਲਾਂਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਇਸ ਹਿੰਸਾ ਨੂੰ ਨਸਲਕੁਸ਼ੀ ਕਹਿਣੋ ਨਹੀਂ ਝਿਜਕਦੇ।

ਜ਼ਿਕਰਯੋਗ ਹੈ ਕਿ 1984 ਸਿੱਖ ਵਿਰੋਧੀ ਦੰਗੇ ਨਵੰਬਰ ਮਹੀਨੇ ਸਾਬਕਾ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਨ। ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਇਸ ਕਤਲੇਆਮ ‘ਚ ਚਾਰ ਦਿਨਾਂ ਦੇ ਅੰਦਰ ਪੂਰੇ ਭਾਰਤ ‘ਚ ਘੱਟ ਤੋਂ ਘੱਟ 30 ਹਜ਼ਾਰ ਲੋਕ ਮਾਰੇ ਗਏ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਸਿੱਖ ਸਨ।