ਓਟਵਾ, 19 ਫਰਵਰੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪ੍ਰਿੰਸੀਪਲ ਸਕੱਤਰ ਤੇ ਲੰਮੇਂ ਸਮੇਂ ਤੋਂ ਉਨ੍ਹਾਂ ਦੇ ਦੋਸਤ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਕੰਪਨੀ ਖਿਲਾਫ ਮੁਜਰਮਾਨਾ ਕਾਰਵਾਈ ਨਾ ਕਰਨ ਲਈ ਪੀਐਮਓ ਦੀ ਦਖਲਅੰਦਾਜ਼ੀ ਦੇ ਲੱਗੇ ਕਥਿਤ ਦੋਸ਼ਾਂ ਦਰਮਿਆਨ ਗੇਰਾਲਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ।
ਆਪਣੇ ਅਸਤੀਫੇ ਸਬੰਧੀ ਦਿੱਤੇ ਵਿਸਥਾਰਪੂਰਵਕ ਬਿਆਨ ਵਿੱਚ ਬੱਟਸ ਨੇ ਜੋਡੀ ਵਿਲਸਨ ਰੇਅਬੋਲਡ, ਜੋ ਕਿ ਤਤਕਾਲੀ ਅਟਾਰਨੀ ਜਨਰਲ ਸੀ, ਉੱਤੇ ਉਨ੍ਹਾਂ ਵੱਲੋਂ ਜਾ ਪੀਐਮਓ ਵਿੱਚੋਂ ਕਿਸੇ ਵੱਲੋਂ ਪਾਏ ਦਬਾਅ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਬੱਟਸ ਨੇ ਆਖਿਆ ਕਿ ਇਸ ਤਰ੍ਹਾਂ ਦੇ ਦੋਸ਼ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਉਸ ਸਮੇਂ ਸਾਰਿਆਂ ਦਾ ਧਿਆਨ ਭਟਕਾ ਰਹੇ ਹਨ ਜਦੋਂ ਅਗਲੀਆਂ ਫੈਡਰਲ ਚੋਣਾਂ ਵਿੱਚ ਹੁਣ ਮਸ੍ਹਾ ਨੌਂ ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਸ ਲਈ ਉਨ੍ਹਾਂ ਦੇ ਪਾਸੇ ਹੋ ਜਾਣ ਵਿੱਚ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਫਿਸ ਦੀ ਭਲਾਈ ਨਜ਼ਰ ਆ ਰਹੀ ਹੈ।
ਜਿ਼ਕਰਯੋਗ ਹੈ ਕਿ ਗਲੋਬ ਐਂਡ ਮੇਲ ਵੱਲੋਂ 11 ਦਿਨ ਪਹਿਲਾਂ ਅਣਪਛਾਤੇ ਸਰੋਤਾਂ ਦੇ ਹਵਾਲੇ ਨਾਲ ਇਨ੍ਹਾਂ ਦੋਸ਼ਾਂ ਨੂੰ ਰਿਪੋਰਟ ਕੀਤਾ ਗਿਆ ਸੀ। ਉਦੋਂ ਤੋਂ ਹੀ ਟਰੂਡੋ ਇਨ੍ਹਾਂ ਦੋਸ਼ਾਂ ਤੇ ਇਸ ਤਰ੍ਹਾਂ ਦੀ ਕਹਾਣੀ ਤੋਂ ਇਨਕਾਰ ਕਰਦੇ ਆ ਰਹੇ ਹਨ। ਟਰੂਡੋ ਤਾਂ ਇਹ ਵੀ ਆਖ ਰਹੇ ਹਨ ਕਿ ਜੇ ਸਕੌਟ ਬ੍ਰਿਸਨ ਵੱਲੋਂ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਨਾ ਦਿੱਤਾ ਗਿਆ ਹੁੰਦਾ ਤਾਂ ਵਿਲਸਨ ਰੇਅਬੋਲਡ ਨੂੰ ਜਨਵਰੀ ਵਿੱਚ ਵੈਟਰਨਜ਼ ਮਾਮਲਿਆਂ ਦਾ ਮੰਤਰੀ ਨਾ ਲਾਇਆ ਗਿਆ ਹੁੰਦਾ। ਇੱਥੇ ਦੱਸਣਾ ਬਣਦਾ ਹੈ ਕਿ ਕੁੱਝ ਸਿਆਸੀ ਮਾਹਿਰ ਇਸ ਕਦਮ ਨੂੰ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਕਾਰਵਾਈ ਨਾ ਕਰਨ ਲਈ ਪਾਏ ਗਏ ਸਰਕਾਰੀ ਦਬਾਅ ਨੂੰ ਰੇਅਬੋਲਡ ਵੱਲੋਂ ਨਕਾਰੇ ਜਾਣ ਉੱਤੇ ਉਨ੍ਹਾਂ ਦੀ ਕੀਤੀ ਗਈ ਡੀਮੋਸ਼ਨ ਵਜੋਂ ਵੇਖ ਰਹੇ ਹਨ।
ਐਸਐਨਸੀ-ਲਾਵਾਲਿਨ ਮਾਮਲੇ ਦੇ ਸਾਹਮਣੇ ਆਉਣ ਤੋਂ ਪੰਜ ਦਿਨ ਬਾਅਦ ਭਾਰੀ ਮਨ ਨਾਲ ਰੇਅਬੋਲਡ ਨੇ ਟਰੂਡੋ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਟਰੂਡੋ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਬੱਟਸ ਸਮੇਤ ਇਸ ਮਾਮਲੇ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਨੂੰ ਹਾਊਸ ਦੀ ਨਿਆਂ ਕਮੇਟੀ ਸਾਹਮਣੇ ਪੇਸ਼ ਕਰਕੇ ਗਵਾਹੀ ਦਿਵਾਈ ਜਾਵੇ। ਇਹ ਕਮੇਟੀ ਮੰਗਲਵਾਰ ਨੂੰ ਓਟਵਾ ਵਿੱਚ ਮੁਲਾਕਾਤ ਕਰੇਗੀ ਤੇ ਇਸ ਮਾਮਲੇ ਨਾਲ ਜੁੜੇ ਹੋਰਨਾਂ ਚਸ਼ਮਦੀਦਾਂ ਬਾਰੇ ਚਰਚਾ ਕਰੇਗੀ।