ਓਟਵਾ, 31 ਮਾਰਚ : ਆਪਣੇ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਕੈਨੇਡੀਅਨਜ਼ ਕਿਸ ਆਗੂ ਨੂੰ ਦੇਖਦੇ ਹਨ, ਇਸ ਮਾਮਲੇ ਵਿੱਚ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਛਾੜਦਿਆਂ ਹੋਇਆਂ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਅੱਗੇ ਲੰਘ ਗਏ ਹਨ।ਇਹ ਖੁਲਾਸਾ ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਹੋਇਆ ਹੈ।
ਇਸ ਸਰਵੇਖਣ ਦੇ ਹਿਸਾਬ ਨਾਲ ਲਿਬਰਲਾਂ ਲਈ ਸਮਾਂ ਇਸ ਵੇਲੇ ਕੋਈ ਬਹੁਤਾ ਵਧੀਆ ਨਹੀਂ ਚੱਲ ਰਿਹਾ ਹੈ ਜਦਕਿ ਹਵਾ ਦਾ ਰੁਖ ਇਸ ਸਮੇਂ ਕੰਜ਼ਰਵੇਟਿਵਾਂ ਵੱਲ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਵਜੋਂ ਟਰੂਡੋ ਦੇ ਸਮਰਥਨ ਵਿੱਚ ਅਚਾਨਕ ਕਮੀ ਵੇਖਣ ਨੂੰ ਮਿਲ ਰਹੀ ਹੈ ਜਦਕਿ ਪੌਲੀਏਵਰ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪੌਲੀਏਵਰ ਦੇ ਸਮਰਥਕ ਐਨੇ ਵੱਧ ਗਏ ਹਨ ਕਿ ਉਨ੍ਹਾਂ ਟਰੂਡੋ ਨੂੰ ਇਸ ਮਾਮਲੇ ਵਿੱਚ ਪਛਾੜ ਦਿੱਤਾ ਹੈ।ਨੈਨੋਜ਼ ਰਿਸਰਚ ਦੇ ਚੇਅਰ ਤੇ ਪੋਲਸਟਰ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਆਮਤੌਰ ਉੱਤੇ ਜਿਹੜਾ ਮੌਜੂਦਾ ਪ੍ਰਧਾਨ ਮੰਤਰੀ ਹੁੰਦਾ ਹੈ ਫਾਇਦਾ ਉਸ ਨੂੰ ਹੁੰਦਾ ਹੈ ਪਰ ਇੱਥੇ ਪੌਲੀਏਵਰ ਦੀ ਚੜ੍ਹਤ ਸਾਫ ਨਜ਼ਰ ਆ ਰਹੀ ਹੈ।
ਨੈਨੋਜ਼ ਨੇ ਆਖਿਆ ਕਿ ਪਿਛਲੇ ਕੁੱਝ ਸਮੇਂ ਤੋਂ ਨੈਨੋਜ਼ ਦੇ ਪਾਵਰ ਇੰਡੈਕਸ ਉੱਤੇ ਲਿਬਰਲਾਂ ਦੀ ਚੜ੍ਹਤ ਬਣੀ ਹੋਈ ਸੀ ਪਰ ਕੁੱਝ ਸਾਲਾਂ ਤੋਂ ਹੌਲੀ ਹੌਲੀ ਕੰਜ਼ਰਵੇਟਿਵਾਂ ਦਾ ਪੱਲੜਾ ਭਾਰਾ ਹੋਣਾ ਸ਼ੁਰੂ ਹੋਇਆ ਹੈ ਤੇ ਇਸ ਸਮੇਂ ਕੰਜ਼ਰਵੇਟਿਵ, ਲਿਬਰਲਾਂ ਤੋਂ ਵੀ ਥੋੜ੍ਹਾ ਜਿਹਾ ਅੱਗੇ ਲੰਘ ਗਏ ਹਨ। ਇਸ ਸਮੇਂ ਪਾਵਰ ਇੰਡੈਕਸ ਉੱਤੇ ਕੰਜ਼ਰਵੇਟਿਵ 50 ਅੰਕਾਂ ਨਾਲ ਸੱਭ ਤੋਂ ਅੱਗੇ, ਲਿਬਰਲ 47 ਅੰਕਾਂ ਨਾਲ ਦੂਜੇ ਸਥਾਨ ਉੱਤੇ ਤੇ ਐਨਡੀਪੀ 46 ਅੰਕਾਂ ਨਾਲ ਤੀਜੇ ਸਥਾਨ ਉੱਤੇ ਨਜ਼ਰ ਆ ਰਹੀ ਹੈ।