ਓਟਵਾ, 8 ਜਨਵਰੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਂਗ ਵਾਨਜ਼ੋਊ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਵਿੱਚ ਨਜ਼ਰਬੰਦ ਕੀਤੇ ਗਏ ਕੈਨੇਡੀਅਨਾਂ ਦੇ ਮੁੱਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਗੱਲ ਕੀਤੀ।
ਪ੍ਰਧਾਨ ਮੰਤਰੀ ਦੇ ਆਫਿਸ ਤੋਂ ਜਾਰੀ ਇੱਕ ਰਲੀਜ਼ ਮੁਤਾਬਕ ਦੋਵਾਂ ਆਗੂਆਂ ਨੇ ਨਿਆਂਇਕ ਆਜ਼ਾਦੀ ਤੇ ਕਾਨੂੰਨ ਦੇ ਨਿਯਮਾਂ ਦੀ ਅਹਿਮੀਅਤ ਬਾਰੇ ਗੱਲ ਕੀਤੀ। ਇਹ ਵੀ ਪਤਾ ਲੱਗਿਆ ਹੈ ਕਿ ਟਰੂਡੋ ਨੇ ਮਾਈਕਲ ਕੋਵਰਿੱਗ ਤੇ ਮਾਈਕਲ ਸਪੇਵਰ ਦੀ ਨਜ਼ਰਬੰਦੀ ਦੇ ਸਬੰਧ ਵਿੱਚ ਸਹਿਯੋਗ ਦੇਣ ਦੇ ਅਮਰੀਕਾ ਵੱਲੋਂ ਪ੍ਰਗਟਾਏ ਗਏ ਭਰੋਸੇ ਉੱਤੇ ਟਰੰਪ ਦਾ ਸੁ਼ਕਰੀਆ ਵੀ ਅਦਾ ਕੀਤਾ। ਦੋਵਾਂ ਆਗੂਆਂ ਨੇ ਇਨ੍ਹਾਂ ਦੋਵਾਂ ਕੈਨੇਡੀਅਨਾਂ ਦੀ ਰਿਹਾਈ ਲਈ ਯਤਨ ਜਾਰੀ ਰੱਖਣ ਦਾ ਤਹੱਈਆ ਵੀ ਪ੍ਰਗਟਾਇਆ।
ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਪਿੱਛੇ ਜਿਹੇ ਸਾਈਨ ਕੀਤੀ ਗਈ ਨਵੀਂ ਡੀਲ ਕੁਜ਼ਮਾ ਟਰੇਡ ਡੀਲ, ਜੀਐਮ ਵੱਲੋਂ ਬੰਦ ਕੀਤੇ ਜਾ ਰਹੇ ਪਲਾਂਟਾਂ, ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਬਾਰੇ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਤੇ ਵਿਦੇਸ਼ਾਂ ਵਿੱਚ ਮੌਜੂਦ ਆਪਣੀਆਂ ਫੌਜੀ ਟੁਕੜੀਆਂ ਨਾਲ ਦਸੰਬਰ ਵਿੱਚ ਮੁਲਾਕਾਤ ਲਈ ਕੀਤੇ ਜਾਣ ਵਾਲੇ ਦੌਰਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪੀਐਮਓ ਰਲੀਜ਼ ਵਿੱਚ ਆਖਿਆ ਗਿਆ ਕਿ ਟਰੂਡੋ ਤੇ ਟਰੰਪ ਇਨ੍ਹਾਂ ਮੁੱਦਿਆਂ ਉੱਤੇ ਨੇੜਲੇ ਸੰਪਰਕ ਵਿੱਚ ਰਹਿਣਗੇ।
ਜਿ਼ਕਰਯੋਗ ਹੈ ਕਿ ਇਸ ਸਮੇਂ ਕੈਨੇਡਾ ਦਾ ਪਾਰਲੀਆਮੈਂਟਰੀ ਵਫਦ ਚੀਨ ਵਿੱਚ ਹੈ ਤੇ ਉਸ ਵੱਲੋਂ ਮੈਂਗ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਵਿੱਚ ਨਜ਼ਰਬੰਦ ਕੀਤੇ ਗਏ ਦੋ ਅਧਿਕਾਰੀਆਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਲਈ ਚੀਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਟਰੂਡੋ ਤੇ ਟਰੰਪ ਵੱਲੋਂ ਵੀ ਮੁੱਖ ਤੌਰ ਉੱਤੇ ਇਸ ਮੁੱਦੇ ਨੂੰ ਧਿਆਨ ਵਿੱਚ ਰੱਖ ਕੇ ਹੀ ਗੱਲ ਕੀਤੀ ਗਈ ਹੈ।