ਨਵੀਂ ਦਿੱਲੀ, 12 ਸਤੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਵਫ਼ਦ ਦਿੱਲੀ ਤੋਂ ਭਲਕੇ ਦੁਪਹਿਰ ਨੂੰ ਕੈਨੇਡਾ ਲਈ ਰਵਾਨਾ ਹੋਵੇਗਾ। ਕੈਨੇਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਵਾਪਸ ਲਿਆਉਣ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਮਗਰੋਂ ਟਰੂਡੋ ਨੇ ਬੀਤੇ ਦਿਨ ਕੈਨੇਡਾ ਲਈ ਰਵਾਨਾ ਹੋਣਾ ਸੀ ਪਰ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਉਹ ਇੱਥੇ ਫਸੇ ਹੋਏ ਹਨ। ਇਸ ਤੋਂ ਪਹਿਲਾਂ ਇੱਕ ਸੂਤਰ ਨੇ ਦੱਸਿਆ ਸੀ ਕਿ ਟਰੂਡੋ ਲਈ ਇੱਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਅੱਜ ਰਾਤ 10 ਵਜੇ ਦੇ ਕਰੀਬ ਪਹੁੰਚਣ ਦੀ ਉਮੀਦ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਵਫ਼ਦ ਨੂੰ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪ੍ਰੈਸ ਸਕੱਤਰ ਮੁਹੰਮਦ ਹੁਸੈਨ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਤੁਹਾਨੂੰ ਨਿਯਮਤ ਤੌਰ ’ਤੇ ਜਾਣਕਾਰੀ ਦਿੰਦੇ ਰਹਾਂਗੇ। ਤਾਜ਼ਾ ਜਾਣਕਾਰੀ ਅਨੁਸਾਰ ਭਲਕੇ ਦੁਪਹਿਰ ਨੂੰ ਵਫ਼ਦ ਰਵਾਨਾ ਹੋ ਸਕਦਾ ਹੈ।’