ਮਹਾਰਾਸ਼ਟਰ ਵਿੱਚ ਭਾਜਪਾ ਲਈ ਕੀਤੀ ਅਪੀਲ

ਬਲਬੀਰ ਸਿੰਘ ਬੱਬੀ

ਸਾਡੇ ਦੇਸ਼ ਦੇ ਰਾਜਨੀਤਿਕ ਮੰਚ ਉੱਤੇ ਨਿਤ ਨਵੇਂ ਤੋਂ ਨਵੇਂ ਸਿਆਸੀ ਆਗੂ ਦੀ ਆਮਦ ਹੁੰਦੀ ਹੈ ਕਿਸੇ ਵੇਲੇ ਨੁੱਕਰ ਵਿੱਚ ਲੱਗੀ ਬੈਠੀ ਜਨ ਸੰਘ ਹੁਣ ਭਾਜਪਾ ਦਸ ਸਾਲ ਤੋਂ ਦੇਸ਼ ਦੀ ਰਾਜਨੀਤਿਕ ਸੰਭਾਲ ਕਰਨ ਤੋਂ ਬਾਅਦ ਭਾਜਪਾ ਦੀ ਹਕੂਮਤ ਚਲਾ ਰਹੀ ਹੈ। ਇਹ ਸਭ ਕੁਝ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਦਕਾ ਹੀ ਸਭ ਕੁਝ ਹੋਇਆ ਹੈ। ਮੋਦੀ ਸ਼ਾਹ ਦੀ ਜੋੜੀ ਵਿੱਚ ਅਜਿਹਾ ਪਤਾ ਨਹੀਂ ਕੀ ਕੁਝ ਹੈ ਕਿ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂ ਤੇ ਧਾਰਮਿਕ ਦਿਖਾਵਾ ਕਰਕੇ ਧਰਮ ਦਾ ਹੋਕਾ ਦੇਣ ਵਾਲੇ ਬਹੁਤੇ ਧਾਰਮਿਕ ਆਗੂ ਜੋ ਅਲੱਗ ਅਲੱਗ ਧਰਮਾਂ ਨਾਲ ਸੰਬੰਧਿਤ ਹਨ ਉਹ ਵੀ ਭਾਜਪਾ ਵੱਲ ਨੂੰ ਚੁੰਬਕ ਵਾਂਗੂ ਖਿੱਚੇ ਜਾਂਦੇ ਹਨ। ਚਲੋ ਮੰਨਿਆ ਕਿ ਵਿਰੋਧੀ ਪਾਰਟੀ ਦੇ ਵੱਡੇ ਛੋਟੇ ਰਾਜਨੀਤਿਕ ਆਗੂਆਂ ਨੇ ਘਪਲੇ ਜਾਂ ਹੋਰ ਬੇਈਮਾਨੀਆਂ ਕੀਤੀਆਂ ਹਨ ਉਹਨਾਂ ਨੂੰ ਈ ਡੀ ਸੀਬੀਆਈ ਆਦਿ ਦਾ ਡਰ ਹੋਵੇਗਾ ਕਿ ਉਹ ਭਾਜਪਾ ਦੀ ਸ਼ਰਨ ਵਿੱਚ ਜਾ ਕੇ ਭਾਜਪਾ ਦੀ ਛਤਰੀ ਹੇਠ ਲੁਕ ਕੇ ਸਾਫ ਸੁਥਰੇ ਹੋ ਜਾਂਦੇ ਹਨ ਪਰ ਸਮਝ ਨਹੀਂ ਆ ਰਹੀ ਕਿ ਧਾਰਮਿਕ ਬਾਬਿਆਂ ਨੂੰ ਕਾਹਦਾ ਡਰ ਜੋ ਭਾਜਪਾ ਵੱਲ ਨੂੰ ਜਿਆਦਾ ਮੋਹ ਦਿਖਾ ਰਹੇ ਹਨ ਚਲੋ ਹਿੰਦੂ ਧਰਮ ਜਾਂ ਹਿੰਦੂ ਤਵ ਨਾਲ ਸੰਬੰਧਿਤ ਧਾਰਮਿਕ ਆਗੂਆਂ ਨੂੰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਸਾਡੇ ਦਮਦਮੀ ਟਕਸਾਲ ਵਾਲੇ ਹਰਨਾਮ ਸਿੰਘ ਧੁੰਮੇ ਦੀ ਜੋ ਨਵੀ਼ ਸਿਆਸੀ ਗੱਲ ਸਾਹਮਣੇ ਆਈ ਹੈ ਉਹ ਚਰਚਾ ਵਿੱਚ ਹੈ।
ਵੈਸੇ ਬਾਬਾ ਧੁੰਮਾਂ ਰਾਜਨੀਤਕ ਮੰਚ ਦੇ ਸਿਆਸੀ ਆਗੂਆਂ ਨੂੰ ਨਾਲ ਕੋਈ ਨਵਾਂ ਤਾਂ ਨਹੀਂ ਜੁੜਿਆ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦਰਮਿਆਨ ਹਰਨਾਮ ਸਿੰਘ ਧੁੰਮੇ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਗੂੜੇ ਸੰਬੰਧ ਬਣਾ ਕੇ ਰੱਖੇ ਤੇ ਉਹਨਾਂ ਸਦਕਾ ਹੀ ਟਕਸਾਲ ਦੇ ਉੱਪਰ ਆਪਣਾ ਦਬਦਬਾ ਬਣਾਇਆ ਤੇ ਉਹ ਰਾਜਨੀਤਿਕ ਪਾਰਟੀ ਅਕਾਲੀ ਦਲ ਨਾਲ ਸਿੱਧੇ ਤੌਰ ਉੱਤੇ ਜੁੜਿਆ ਹੋਇਆ ਅਕਸਰ ਦੇਖਿਆ ਪਰ ਹੁਣ ਤਾਂ ਹੈਰਾਨੀ ਦੀ ਹੱਦ ਹੀ ਹੋ ਗਈ ਜਦੋਂ ਬਾਬਾ ਹਰਨਾਮ ਧੁੰਮਾਂ ਭਾਜਪਾ ਦੇ ਲਈ ਪ੍ਰਚਾਰ ਕਰਦਾ ਨਜ਼ਰ ਆਇਆ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਪੂਰੇ ਮਹਾਰਾਸ਼ਟਰ ਦੇ ਇਲਾਕਿਆਂ ਤੋਂ ਇਲਾਵਾ ਹੋਰ ਪਾਸੇ ਵੀ ਸਿੱਖਾਂ ਦੀ ਵਸੋਂ ਕਾਫੀ ਹੈ। ਧਾਰਮਿਕ ਪੱਖ ਦੀ ਬੇਈਮਾਨੀ ਨਾਲ ਵਰਤੋਂ ਕਰਦਾ ਬਾਬਾ ਧੁੰਮਾਂ ਉਥੋਂ ਦੇ ਸਿੱਖਾਂ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਸਲਾਹ ਦੇ ਰਿਹਾ ਹੈ। ਇਹ ਸਲਾਹ ਗੁਪਤ ਜਾਂ ਕਿਸੇ ਦੇ ਘਰ ਨਹੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾ ਰਹੀ ਹੈ ਉਝ ਤਾਂ ਬਾਬਾ ਧੁਮਾ ਆਪਾਂ ਸਭ ਨੂੰ ਪਤਾ ਹੀ ਹੈ ਕਿ ਆਪਣਾ ਉੱਲੂ ਸਿੱਧਾ ਰੱਖਦਾ ਹੈ ਪਰ ਹੁਣ ਤਾਂ ਬਿੱਲੀ ਥੈਲਿਓ ਬਾਹਰ ਆ ਗਈ ਹੈ।
ਬਾਬੇ ਧੁੰਮੇ ਵੱਲੋਂ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਜਦੋਂ ਟੀ ਵੀ ਤੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਤਾਂ ਫਿਰ ਇਕਦਮ ਚਰਚਾ ਹੋਣੀ ਸੁਭਾਵ ਹੀ ਸੀ ਜਿੱਥੇ ਕਾਂਗਰਸ ,ਆਪ ਬਾਬੇ ਦੀ ਸਿਆਸੀ ਗੱਲਬਾਤ ਉਤੇ ਆਪਣੇ ਵਿਚਾਰ ਰੱਖ ਰਹੇ ਹਨ ਉਥੇ ਹੀ ਅਕਾਲੀ ਦਲ ਦੇ ਬੁਲਾਰਿਆਂ ਵੱਲੋਂ ਵੀ ਕਾਫ਼ੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੇ ਬੁਲਾਰੇ ਕਲੇਰ ਨੇ ਟੀਵੀ ਚੈਨਲ ਉੱਤੇ ਬਾਬੇ ਧੁੰਮੇ ਦੀ ਇਸ ਗੱਲ ਨੂੰ ਕਾਫੀ ਗਰਮ ਸ਼ਬਦਾਂ ਵਿੱਚ ਲੈ ਕੇ ਰੋਸ ਪ੍ਰਗਟ ਕੀਤਾ ਹੈ। ਹੁਣ ਇਸ ਨਵੇਂ ਬਣੇ ਬੁਲਾਰੇ ਕਲੇਰ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਭਾਈ ਤੂੰ ਤਾਂ ਨਵਾਂ ਬੁਲਾਰਾ ਬਣ ਕੇ ਬਾਬੇ ਧੁੰਮੇ ਨੂੰ ਗਲਤ ਕਹਿ ਰਿਹਾ ਹੈ। ਉਹ ਵੀ ਵੇਲਾ ਚੇਤੇ ਕਰ ਜਦੋਂ ਇਹੀ ਬਾਬਾ ਧੁੰਮਾਂ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਹੁੰਦਾ ਸੀ ਤੇ ਉਹਨਾਂ ਦੀ ਸੇਵਾ ਵਿੱਚ ਥਾਲ਼ੀ ਵਿੱਚ ਬਰਫ਼ੀ ਲੈ ਕੇ ਖੜਾ ਹੁੰਦਾ ਸੀ ਤੇ ਉਹੀ ਬਾਬਾ ਧੁੰਮਾਂ ਹੈ ਨਾਲੇ ਵਾਜਪਾਈ ਦੀ ਪਹਿਲੀ ਵਾਰ ਬਣੀ ਸਰਕਾਰ ਦੇ ਵਿੱਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਦਿੱਲੀ ਜਾ ਕੇ ਬਿਨਾਂ ਸ਼ਰਤ ਸਮਰਥਨ ਇਸੇ ਭਾਜਪਾ ਨੂੰ ਦਿੱਤਾ ਸੀ ਜਿਸ ਦੇ ਨਾਲ ਤੁਸੀਂ ਰਾਜਨੀਤਿਕ ਰਿਸ਼ਤਾ ਰੱਖ ਕੇ ਪੰਜਾਬ ਵਿੱਚ ਰਾਜ ਵੀ ਕੀਤਾ ਤੇ ਮਨ ਆਈਆਂ ਵੀ ਕੀਤੀਆਂ ਜਿਸ ਖਮਿਆਜ਼ਾ ਹੁਣ ਤੁਹਾਨੂੰ ਭੁਗਤਣਾ ਪੈ ਰਿਹਾ ਹੈ।