ਸਾਵਣ ਦੇ ਮਹੀਨੇ ਝਾਰਖੰਡ ਦੇ ਬਾਬਾ ਬੈਦਿਆਨਾਥ ਧਾਮ ਵਿੱਚ ਚੱਲ ਰਹੀ ਕਾਂਵੜ ਯਾਤਰਾ ਦੌਰਾਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੇਵਘਰ-ਬਾਸੁਕੀਨਾਥ ਮੁੱਖ ਸੜਕ ‘ਤੇ ਜਾਮੁਨੀਆ ਚੌਕ ਨੇੜੇ ਕਾਂਵੜੀਆਂ ਨਾਲ ਭਰੀ ਇੱਕ ਬੱਸ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ। ਜਿਸ ਵਿੱਚ 18 ਕਾਂਵੜੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ, ਇਸ ਹਾਦਸੇ ਦੌਰਾਨ ਬੱਸ ਵਿੱਚ 40 ਦੇ ਕਰੀਬ ਕਾਂਵੜੀਏ ਸਵਾਂ ਸਨ। ਟੱਕਰ ਕਾਰਨ ਬੱਸ ਵਿੱਚ ਸਵਾਰ ਵਿੱਚ ਘੱਟੋ-ਘੱਟ 18 ਕਾਂਵੜੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਰਜਨਾਂ ਸ਼ਰਧਾਲੂ ਜ਼ਖਮੀ ਹੋ ਗਏ ਹਨ। ਕੁਝ ਹੋਰ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਅਤੇ 30 ਤੋਂ ਵੱਧ ਜ਼ਖਮੀ ਹੋਣ ਦਾ ਜ਼ਿਕਰ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਸਾਂਸਦ ਨਿਸ਼ੀਕਾਂਤ ਦੂਬੇ ਨੇ ਟਵੀਟ ਕੀਤਾ ਹੈ ਕਿ ‘ਮੇਰੀ ਲੋਕ ਸਭਾ ਦੇ ਦੇਵਘਰ ਵਿੱਚ ਸ਼ਰਾਵਣ ਦੇ ਮਹੀਨੇ ਕੰਵੜ ਯਾਤਰਾ ਦੌਰਾਨ ਬੱਸ ਅਤੇ ਟਰੱਕ ਹਾਦਸੇ ਕਾਰਨ 18 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਬਾਬਾ ਬੈਦਿਆਨਾਥ ਜੀ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਦੀ ਤਾਕਤ ਦੇਣ।’ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਐਂਬੂਲੈਂਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ।
ਸਾਰੇ ਜ਼ਖਮੀਆਂ ਨੂੰ ਦੇਵਘਰ ਦੇ ਵੱਖ-ਵੱਖ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ‘ਬੋਲ ਬਮ’ ਦੇ ਜੈਕਾਰਿਆਂ ਨਾਲ ਬਾਬਾ ਬੈਦਿਆਨਾਥ ਧਾਮ ਵੱਲ ਵਧ ਰਹੇ ਸਨ। ਇਸ ਭਿਆਨਕ ਟੱਕਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।