ਗੁਰਦਾਸਪੁਰ, 7 ਜੁਲਾਈ
ਇਥੋਂ ਦੀ ਮਹਿਲਾ ਜੱਜ ਦੇ ਘਰ ਚੋਰੀ ਦੇ ਮਾਮਲੇ ਵਿੱਚ ੲੀਸਾੲੀ ਭਾੲੀਚਾਰੇ ਦੀ 23 ਸਾਲਾ ਲੜਕੀ ਉੱਪਰ ਥਾਣਾ ਮੁਖੀ ਅਤੇ ਹੋਰ ਪੁਲੀਸ ਮੁਲਾਜ਼ਮਾਂ ਵੱਲੋਂ ਕਥਿਤ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਲੜਕੀ ਨੂੰ ਦੋ ਦਿਨ ਪੁਲੀਸ ਦੇ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਵਿੱਚ ਰੱਖ ਕੇ ਤਸ਼ੱਦਦ ਢਾਹਿਆ ਗਿਆ, ਜਿਸ ਕਾਰਨ ਪੀੜਤ ਲੜਕੀ ਦੇ ਹੱਕ ਵਿੱਚ ਕਿਸਾਨ ਸੰਘਰਸ਼ ਕਮੇਟੀ ਆ ਗਈ ਹੈ, ਜਿਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਸਾਹਮਣੇ ਪੱਕਾ ਧਰਨਾ ਲਾ ਦਿੱਤਾ ਹੈ। ਦੂਜੇ ਪਾਸੇ ਮੈਡੀਕਲ ਰਿਪੋਰਟ ਵਿੱਚ ਲੜਕੀ ਦੇ ਸੱਤ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਹੋੲੀ ਹੈ। ਇਸ ਮਾਮਲੇ ਵਿੱਚ ਐਸਐਸਪੀ ਨੇ ਜਾਂਚ ਡੀਐਸਪੀ ਨੂੰ ਸੌਂਪ ਦਿੱਤੀ ਹੈ।
ਦੱਸਣਯੋਗ ਹੈ ਕਿ ਸ਼ਹਿਰ ਵਿੱਚ ਇੱਕ ਮਹਿਲਾ ਨਿਆਂਇਕ ਅਧਿਕਾਰੀ ਦੇ ਘਰ ਵਿੱਚੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਗ਼ਦੀ ਚੋਰੀ ਹੋਈ ਸੀ। ਸਿਟੀ ਪੁਲੀਸ ਵੱਲੋਂ ਇਸ ਘਰ ਕੰਮ ਕਰਨ ਵਾਲੀ 23 ਸਾਲਾ ਲੜਕੀ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਪੀੜਤ ਲੜਕੀ ਨੇ ਦੱਸਿਆ ਕਿ ਥਾਣਾ ਸਿਟੀ ਪੁਲੀਸ ਨੇ ੳੁਸ ਨੂੰ ਪਹਿਲੀ ਜੁਲਾਈ ਨੂੰ ਸਵੇਰੇ 11 ਵਜੇ ਘਰੋਂ ਚੁੱਕ ਲਿਆ। ਪੁਲੀਸ ਨੇ ਉਸ ਦੇ ਘਰ ਦੀ ਵੀ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਥਾਣਾ ਸਿਟੀ ਦੇ ਮੁਖੀ ਅਤੇ ਤਿੰਨ ਹੋਰ ਸਹਾਇਕ ਸਬ ਇੰਸਪੈਕਟਰ ਉਸ ਨੂੰ ਪੁਲੀਸ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਲੈ ਗਏ ਜਿੱਥੇ ਉਸ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਸ ਨੂੰ ਨਿਰਵਸਤਰ ਕਰ ਕੇ ਉਸ ਦੇ ਨਿੱਜੀ ਅੰਗਾਂ ’ਤੇ ਬਿਜਲੀ ਦਾ ਕਰੰਟ ਲਾਇਆ ਗਿਆ। ਇਸ ਦੌਰਾਨ ਕੋਈ ਮਹਿਲਾ ਪੁਲੀਸ ਕਰਮਚਾਰੀ ਮੌਜੂਦ ਨਹੀਂ ਸੀ। ਦੋ ਜੁਲਾੲੀ ਦੀ ਰਾਤ ਕਰੀਬ 11 ਵਜੇ ਉਨ੍ਹਾਂ ਦੇ ਪਿੰਡ ਦੇ ਸਰਪੰਚ ਨੂੰ ਫ਼ੋਨ ਕਰਕੇ ਥਾਣੇ ਬੁਲਾਇਆ ਗਿਆ ਅਤੇ ਉਸ ਨੂੰ ਨਾਲ ਘਰ ਭੇਜ ਦਿੱਤਾ ਗਿਆ। ਇਹ ਮਾਮਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਿਆਨ ਵਿੱਚ ਆਉਣ ’ਤੇ ਕਮੇਟੀ ਮੈਂਬਰਾਂ ਵੱਲੋਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਲੜਕੀ ਦਾ ਇਲਾਜ ਕਰ ਰਹੇ ਡਾਕਟਰ ਰਾਜ ਮਸੀਹ ਨੇ ਦੱਸਿਆ ਕਿ ਲੜਕੀ ਦੀਆਂ ਅੱਖਾਂ, ਮੂੰਹ, ਪੱਟਾਂ, ਪਿੱਠ ਆਦਿ ’ਤੇ ਸੱਤ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਸਿਵਲ ਹਸਪਤਾਲ ਬੱਬਰੀ ਅੱਗੇ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫ਼ੌਜੀ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲ੍ਹੜ ਪਿੰਡੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀ ਪੁਲੀਸ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮਾਮਲੇ ਸਬੰਧੀ ਐੱਸਐੱਸਪੀ ਵੱਲੋਂ ਜਾਂਚ ਦਾ ਕੰਮ ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਨੂੰ ਸੌਂਪ ਦਿੱਤਾ ਗਿਆ ਹੈ। ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਲੜਕੀ ਦੇ ਬਿਆਨ ਕਲਮਬੰਦ ਕੀਤੇ ਜਾਣ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।