ਜੰਮੂ, 17 ਜੂਨ
ਜੰਮੂ ਕਸ਼ਮੀਰ ਦੇ ਰਾਮਬਨ ਤੇ ਡੋਡਾ ਜ਼ਿਲ੍ਹਿਆ ਵਿੱਚ ਅੱਜ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੇਨਾਬ ਘਾਟੀ ਖੇਤਰ ਵਿੱਚ ਅੱਠ ਘੰਟਿਆਂ ਦੇ ਵਕਫ਼ੇ ਦੌਰਾਨ ਕ੍ਰਮਵਾਰ 3.0 ਸ਼ਿੱਦਤ ਅਤੇ 4.4 ਸ਼ਿੱਦਤ ਦਾ ਭੂਚਾਲ ਆਇਆ। ਇਸ ਤੋਂ ਪਹਿਲਾਂ ਡੋਡਾ ਅਤੇ ਕਿਸ਼ਤਵਾੜ ਵਿੱਚ 13 ਜੂਨ ਨੂੰ 5.4 ਸ਼ਿੱਦਤ ਦਾ ਭੂਚਾਲ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ਵਿੱਚ ਅੱਜ ਦੁਪਹਿਰ 2.03 ਵਜੇ 3.0 ਦੀ ਸ਼ਿੱਦਤ ਦਾ ਭੂਚਾਲ ਆਇਆ। ਇਸ ਦਾ ਕੇਂਦਰ ਪੰਜ ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਇਸੇ ਤਰ੍ਹਾਂ ਡੋਡਾ ਜ਼ਿਲ੍ਹੇ ਵਿੱਚ ਆਏ 4.4 ਸ਼ਿੱਦਤ ਦੇ ਭੂਚਾਲ ਦਾ ਕੇਂਦਰ 18 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਪਿਛਲੇ ਪੰਜ ਦਿਨਾਂ ਦੌਰਾਨ ਡੋਡਾ ਜ਼ਿਲ੍ਹੇ ਵਿੱਚ ਸੱਤਵੀਂ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।