ਡੋਡਾ, 9 ਮਾਰਚ
ਭਾਰਤੀ ਫ਼ੌਜ ਨੇ ਅੱਜ ਇੱਥੇ ਜੰਮੂ ਕਸ਼ਮੀਰ ਦੇ ਪਹਾੜੀ ਜ਼ਿਲ੍ਹੇ ਡੋਡਾ ਵਿੱਚ 100 ਫੁੱਟ ਉੱਚਾ ਕੌਮੀ ਝੰਡਾ ਲਹਿਰਾਇਆ। ਇੱਕ ਸੀਨੀਅਰ ਅਧਿਕਾਰੀ ਨੇ ਇਸ ਕੋਸ਼ਿਸ਼ ਨੂੰ ਉਨ੍ਹਾਂ ਅਣਗਿਣਤ ਫ਼ੌਜੀਆਂ ਨੂੰ ਉੱਚਿਤ ਸ਼ਰਧਾਂਜਲੀ ਕਰਾਰ ਦਿੱਤਾ, ਜਿਨ੍ਹਾਂ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਚਿਨਾਬ ਘਾਟੀ ਖੇਤਰ ਵਿੱਚ ਫ਼ੌਜ ਵੱਲੋਂ ਇੰਨੀ ਉਚਾਈ ’ਤੇ ਲਹਿਰਾਇਆ ਗਿਆ ਇਹ ਦੂਜਾ ਕੌਮੀ ਝੰਡਾ ਹੈ। ਇਹ ਖੇਤਰ ਇੱਕ ਦਹਾਕੇ ਤੋਂ ਪਹਿਲਾਂ ਤੱਕ ਕਦੇ ਅਤਿਵਾਦੀਆਂ ਦਾ ਗੜ੍ਹ ਹੋਇਆ ਕਰਦਾ ਸੀ। ਪਿਛਲੇ ਸਾਲ ਜੁਲਾਈ ਵਿੱਚ ਨੇੜਲੇ ਕਿਸ਼ਤਵਾੜ ਸ਼ਹਿਰ ਵਿੱਚ ਵੀ 100 ਫੁੱਟ ਦੀ ਉਚਾਈ ’ਤੇ ਕੌਮੀ ਝੰਡਾ ਲਹਿਰਾਇਆ ਗਿਆ ਸੀ। ਸੈਨਾ ਦੇ ਡੈਲਟਾ ਫੋਰਸ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਅਜੈ ਕੁਮਾਰ ਨੇ ਡੋਡਾ ਸਪੋਰਟਸ ਸਟੇਡੀਅਮ ਵਿੱਚ ਤਿਰੰਗਾ ਲਹਿਰਾਇਆ। ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਆਮ ਨਾਗਰਿਕਾਂ ਦਾ ਸਨਮਾਨ ਵੀ ਕੀਤਾ, ਜਿਨ੍ਹਾਂ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂੁਰਨ ਯੋਗਦਾਨ ਪਾਇਆ ਹੈ।