ਸ਼ਿਮਲਾ/ਸ੍ਰੀਨਗਰ/ਜੰਮੂ, 14 ਨਵੰਬਰ
ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਹੋਈ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ, ਜਦਕਿ ਉੱਚਾਈ ਵਾਲੇ ਖੇਤਰਾਂ ਵਿੱਚ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਉਧਰ, ਅਧਿਕਾਰੀਆਂ ਨੇ ਇਹਤਿਆਤ ਵਜੋਂ ਜੰਮੂ ਕਸ਼ਮੀਰ ਦੇ ਕੁੱਝ ਜ਼ਿਲ੍ਹਿਆਂ ਵਿੱਚ ਅੱਜ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਿਨ ਸਮੇਂ ਅਸਮਾਨ ਵਿੱਚ ਬੱਦਲਵਾਈ ਰਹਿਣ, ਮੀਂਹ ਪੈਣ ਜਾਂ ਬਰਫ਼ਬਾਰੀ ਦੀ ਸੰਭਾਵਨਾ ਬਣੀ ਰਹੇਗੀ।
ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ, ਨਾਰਕੰਡਾ ਅਤੇ ਹਾਟੁੂ ਪੀਕ ਵਿੱਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਸੂਬੇ ਦੇ ਉੱਚੇ ਖੇਤਰਾਂ ਵਿਚ ਬੀਤੀ ਰਾਤ ਤੋਂ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਪੂਰਾ ਸੂਬਾ ਕੜਾਕੇ ਦੀ ਠੰਢ ਹੇਠ ਆ ਗਿਆ ਹੈ। ਕਿੰਨੌਰ ਦੇ ਕਲਪਾ ਅਤੇ ਲਾਹੌਲ ਦੇ ਕੇਲਾਂਗ ਵਿੱਚ ਵੀ ਪਹਾੜੀਆਂ ਬਰਫ਼ ਦੀ ਚਾਦਰ ਨਾਲ ਢਕੀਆਂ ਗਈਆਂ ਹਨ। ਲਾਹੌਲ ਸਪਿਤੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਰੋਹਤਾਂਗ ਵਿੱਚ ਆਵਾਜਾਈ ਠੱਪ ਹੋ ਗਈ। ਅਟੱਲ ਟਨਲ ਰੋਹਤਾਂਗ ਦੇ ਦੋਵੇਂ ਪਾਸੇ ਭਾਰੀ ਬਰਫਬਾਰੀ ਹੋ ਰਹੀ ਹੈ। ਮਨਾਲੀ ਕੇਲਾਂਗ ਮਾਰਗ ਵੀ ਆਵਾਜਾਈ ਲਈ ਬੰਦ ਹੋ ਗਿਆ ਹੈ।