ਮੈਨੀਟੋਬਾ— ਬੀਤੇ ਦਿਨੀਂ ਕੈਨੇਡਾ ਦੇ ਸੂਬੇ ਮੈਨੀਟੋਬਾ ਦੀਆਂ ਜੰਗਲੀ ਝਾੜੀਆਂ ਨੂੰ ਅੱਗ ਲੱਗ ਗਈ। ਅੱਗ ਕਾਰਨ ਤਕਰੀਬਨ 3700 ਘਰਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਵੱਡੇ ਪੱਧਰ ‘ਤੇ ਲੋਕਾਂ ਨੂੰ ਜੰਗਲੀ ਅੱਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਿਨੀਪੈਗ ਵਾਸੀ ਮਦਦ ਲਈ ਅੱਗੇ ਆਏ ਹਨ। ਬੇਘਰ ਲੋਕਾਂ ਤੱਕ ਵਿਨੀਪੈਗ ਵਾਸੀ ਰਸਦ ਪਾਣੀ ਪਹੁੰਚਾ ਰਹੇ ਹਨ। ਬਸ ਇੰਨਾ ਹੀ ਨਹੀਂ ਉਹ ਘਰਾਂ ‘ਚ ਰੱਖੇ ਪਾਲਤੂ ਅਤੇ ਜੰਗਲੀ ਜਾਨਵਰਾਂ ਦੇ ਬਚਾਅ ਲਈ ਵੀ ਉਨ੍ਹਾਂ ਨੇ ਮਦਦ ਕੀਤੀ।
ਇਹ ਲੋਕ ਜੰਗਲੀ ਜਾਨਵਰਾਂ ਦੀ ਮਦਦ ਲਈ ਅੱਗੇ ਆਏ ਹਨ। ਵਿਨੀਪੈਗ ਵਾਸੀਆਂ ਨੇ ਜਾਨਵਰਾਂ ਦੇ ਭੋਜਨ ਲਈ 100 ਤੋਂ ਵਧ ਬੈਗ ਵਸਾਗਾਮੈਕ ਦਾਨ ਵਜੋਂ ਪਹੁੰਚਾਏ ਹਨ, ਤਾਂ ਕਿ ਜੰਗਲੀ ਜਾਨਵਰਾਂ ਨੂੰ ਬਚਾਇਆ ਜਾ ਸਕੇ। ਦੱਸਣ ਯੋਗ ਹੈ ਕਿ ਵਸਾਗਾਮੈਕ ਮੈਨੀਟੋਬਾ ਦੇ ਸੂਬੇ ਦਾ ਇਕ ਭਾਈਚਾਰਾ ਹੈ। ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਹਨ ਲੋਕਾਂ ਨੂੰ ਘਰ-ਬਾਰ ਛੱਡਣੇ ਪੈਂਦੇ ਹਨ ਤਾਂ ਘਰਾਂ ‘ਚ ਰੱਖੇ ਜਾਨਵਰਾਂ ਨੂੰ ਰੱਖਣ ਲਈ ਅਤੇ ਉਨ੍ਹਾਂ ਦੇ ਭੋਜਨ ਦੀ ਵਿਵਸਥਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕੈਨੇਡੀਅਨ ਰੈੱਡ ਕਰਾਸ ਸੰਸਥਾ ਵੀ ਲੋਕਾਂ ਦੀ ਮਦਦ ਕਰ ਰਹੀ ਹੈ। ਲੋਕਾਂ ਦੀ ਸੁਰੱਖਿਆ ਲਈ ਸੰਸਥਾ ਨੇ ਬਹੁਤ ਸਾਰੇ ਲੋਕਾਂ ਨੂੰ ਵਿਨੀਪੈੱਗ ਦੇ ਹੋਟਲਾਂ ‘ਚ ਸ਼ਰਨ ਦਿੱਤੀ ਹੈ।