ਬ੍ਰਿਟਿਸ਼ ਕੋਲੰਬੀਆ — ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ। ਇਸ ਕਾਰਨ ਸੂਬੇ ਦੀ 945,000 ਹੈਕਟੇਅਰ ਜ਼ਮੀਨ ਸੜ ਕੇ ਸਵਾਹ ਹੋ ਗਈ ਹੈ। ਇਸ ਸਾਲ ਪਹਿਲੀ ਅਪ੍ਰੈਲ ਤੋਂ ਜੰਗਲਾਂ ‘ਚ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ ਸਨ ਅਤੇ ਅਜੇ ਤਕ ਇਨ੍ਹਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲਾਂਕਿ ਸਥਾਨਕ ਸਰਕਾਰ ਵਲੋਂ ਫਾਇਰ ਬ੍ਰਿਗੇਡ ਨੂੰ ਤਾਇਨਾਤ ਕੀਤਾ ਗਿਆ ਹੈ। ਹੈਲੀਕਾਪਟਰ ਰਾਹੀਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗ ਗਈ ਸੀ ਜਿਸ ‘ਚ 1.2 ਮਿਲੀਅਨ ਹੈਕਟੇਅਰ ਇਲਾਕਾ ਸੜ ਗਿਆ ਸੀ। ਇਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਸਾਲ ਵੀ ਪਿਛਲੇ ਸਾਲ ਵਾਂਗ ਅੱਗ ਫੈਲਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਬਹੁਤ ਸਾਰੇ ਘਰ ਵੀ ਇਸ ਦੀ ਲਪੇਟ ‘ਚ ਆ ਗਏ ਸਨ ਅਤੇ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ।
ਸਿਰਫ ਦਿ ਸ਼ੋਵਲ ਲੇਕ ‘ਚ ਹੀ ਲੱਗੀ ਅੱਗ ਕਾਰਨ 91000 ਹੈਕਟੇਅਰ ਇਲਾਕਾ ਸੜ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਾਈਲਡ ਫਾਇਰ ਵਿਭਾਗ ਦੇ ਸੂਚਨਾ ਅਧਿਕਾਰੀ ਨੇ ਕਿਹਾ ਕਿ ਜੇਕਰ ਤੇਜ਼ ਮੀਂਹ ਪੈ ਜਾਵੇ ਤਾਂ ਇਲਾਕਾ ਖਤਰੇ ਤੋਂ ਬਾਹਰ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ‘ਚ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਸਿਹਤ ਵੱਲ ਪੂਰਾ ਧਿਆਨ ਦੇਣ ਅਤੇ ਹੋ ਸਕੇ ਤਾਂ ਮਾਸਕ ਪਾ ਕੇ ਘਰੋਂ ਬਾਹਰ ਨਿਕਲਣ। ਬਹੁਤ ਸਾਰੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਵੀ ਚਿਤਾਵਨੀ ਦਿੱਤੀ ਗਈ ਹੈ।