ਵਾਸ਼ਿੰਗਟਨ, 23 ਅਗਸਤ
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ 2020 ਦੀਆਂ ਚੋਣਾਂ ’ਚ ਮਿਲੀ ਹਾਰ ਨੂੰ ਨਾਜਾਇਜ਼ ਢੰਗ ਨਾਲ ਪਲਟਾਉਣ ਦੇ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਜੌਰਜੀਆ ਦੀ ਅਥਾਰਿਟੀ ਅੱਗੇ ਵੀਰਵਾਰ ਨੂੰ ਸਮਰਪਣ ਕਰ ਦੇਣਗੇ। ਟਰੰਪ ਉਤੇ ਦੋਸ਼ ਹੈ ਕਿ ਉਨ੍ਹਾਂ ਜੌਰਜੀਆ ਸੂਬੇ ਵਿਚ 2020 ਦੀਆਂ ਚੋਣਾਂ ’ਚ ਮਿਲੀ ਹਾਰ ਨੂੰ ਗੈਰਕਾਨੂੰਨੀ ਢੰਗ ਨਾਲ ਪਲਟਾਉਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਕੀ ਤੁਸੀਂ ਯਕੀਨ ਕਰ ਸਕਦੇ ਹੋ? ਮੈਂ ਵੀਰਵਾਰ ਗ੍ਰਿਫ਼ਤਾਰ ਹੋਣ ਲਈ ਐਟਲਾਂਟਾ, ਜੌਰਜੀਆ ਜਾ ਰਿਹਾ ਹਾਂ।’ ਅਪਰੈਲ ਮਹੀਨੇ ਤੋਂ ਬਾਅਦ ਇਹ ਟਰੰਪ ਦੀ ਚੌਥੀ ਗ੍ਰਿਫ਼ਤਾਰੀ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਵੀ ਆਰੰਭੀ ਗਈ ਸੀ। ਇਸ ਮਾਮਲੇ ਦਾ ਸਾਹਮਣਾ ਕਰਨ ਵਾਲੇ ਉਹ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਸਨ। ਗੌਰਤਲਬ ਹੈ ਕਿ ਟਰੰਪ ਹਾਲੇ ਵੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਮੋਹਰੀ ਉਮੀਦਵਾਰ ਬਣੇ ਹੋਏ ਹਨ। ਸਾਬਕਾ ਰਾਸ਼ਟਰਪਤੀ ਨਿਊਯਾਰਕ, ਫਲੋਰਿਡਾ ਤੇ ਵਾਸ਼ਿੰਗਟਨ ਡੀਸੀ ਵਿਚ ਕਾਨੂੰਨੀ ਪੇਸ਼ੀਆਂ ਭੁਗਤ ਚੁੱਕੇ ਹਨ। ਉਨ੍ਹਾਂ ਦੀਆਂ ਅਦਾਲਤੀ ਪੇਸ਼ੀਆਂ ਨੂੰ ਮੀਡੀਆ ਨੇ ਵੱਡੇ ਪੱਧਰ ਉਤੇ ਕਵਰ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਦੇ ਵਕੀਲਾਂ ਨੇ ਅੱਜ ਐਟਲਾਂਟਾ ਵਿਚ ਨਿਆਂਇਕ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਜ਼ਮਾਨਤੀ ਬਾਂਡ ਉਤੇ ਚਰਚਾ ਕੀਤੀ।