‘‘ਤੂੰ ਤੋਤੇ ਵਾਂਗੂ ਇਕੋ ਗੱਲ ਈ ਕਿਉਂ ਕਰੀ ਜਾਨੀ ਆਂ? ਕੀ ਗੋਲੀ ਵੱਜੀ ਆ ਦੱਸ ਮੁੰਡੇ ਨੂੰ। ਮੁੰਡੇ ਤਾਂ ਆਮ ਈ ਵੱਡੇ ਹੁੰਦੇ ਨੇ ਕੁੜੀਆਂ ਨਾਲੋਂ, ਪੰਜ-ਸੱਤ ਸਾਲ ਦਾ ਫ਼ਰਕ ਤਾਂ ਕੋਈ ਫ਼ਰਕ ਨਹੀਂ। ਇਹਦਾ ਚੱਲ ਤੂੰ ਦੋ ਸਾਲ ਹੋਰ ਵੱਧ ਲਾ ਲੈ।’’ ਬੇਅੰਤ ਸਿਹੁੰ ਕਚੀਚੀ ਜਿਹੀ ਲੈ ਕੇ ਆਪਣੀ ਪਤਨੀ ਕੁਲਦੀਪ ਨੂੰ ਪਿਆ।

‘‘ਲੈ! ਕੀ ਗੱਲਾਂ ਕਰਦੇ ਜੇ ਤੁਸੀਂ। ਆਪਣੀ ਸਿੰਮੀ ਨੇ ਅਜੇ ਆਉਂਦੇ ਵਿਸਾਖ ਨੂੰ ਤੇਈਆਂ ਦੀ ਹੋਣੈ ਤੇ ਵਿਚੋਲਣ ਨੇ ਆਪਣੇ ਮੂੰਹੋਂ ਮੁੰਡੇ ਦੀ ਉਮਰ ਬੱਤੀ ਸਾਲ ਦੱਸੀ ਆ। ਪਰ ਮੈਨੂੰ ਤਾਂ ਪੈਂਤੀਆਂ (35) ਤੋਂ ਘੱਟ ਨਹੀਂ ਲੱਗਦਾ। ਦੱਸ ਭਲਾ ਇਹ ਕੀ ਜੋੜ ਬਣਿਆ? ਤੁਹਾਡੇ ਤੋਂ ਪੰਜ-ਸੱਤ ਸਾਲ ਈ ਛੋਟਾ ਹੋਣਾ ਮਸਾਂ।’’ ਕੁਲਦੀਪ ਤਾਂ ਪੂਰੀ ਰੋਣਹਾਕੀ ਹੋਈ ਪਈ ਸੀ।

‘‘ਇਹ ਕਹਾਵਤ ਨਾ ਸੱਚ ਈ ਆਖੀ ਕਿਸੇ ਕਿ ਬੁੜ੍ਹੀਆਂ ਦੀ ਗੁੱਤ ਪਿੱਛੇ ਮੱਤ ਹੁੰਦੀ ਆ। ਅਗਲਾ ’ਮਰੀਕਾ (ਅਮਰੀਕਾ) ਰਹਿੰਦਾ। ਦੋ ਟਰਾਲੇ ਓਹਦੇ ਆਪਦੇ ਤੇ ਆਪਣਾ ਘਰ ਆ। ਆਪਣੀ ਸਿੰਮੀ ਨੂੰ ਪਟਰਾਣੀ ਬਣਾ ਕੇ ਰੱਖੂ। ਜੇ ਉਮਰ ’ਚ ਦੋ-ਚਾਰ ਸਾਲ ਦਾ ਵਾਧਾ ਘਾਟਾ ਵੀ ਹੋਊ ਤਾਂ ਕੋਈ ਫ਼ਰਕ ਨਹੀਂ ਪੈਣ ਲੱਗਾ। ਤੂੰ ਇਹੋ ਜਿਹੀਆਂ ਪੁੱਠੀਆਂ-ਸਿੱਧੀਆਂ ਗੱਲਾਂ ਕਰ ਕਰ ਹੋਰ ਕੁੜੀ ਦਾ ਮਨ ਨਾ ਚੁੱਕਦੀ।’’ ਬੇਅੰਤ ਸਿਹੁੰ ਦੇ ਮੱਥੇ ’ਤੇ ਪਈ ਤਿਉੜੀ ਸਾਫ਼ ਦਿਸ ਰਹੀ ਸੀ।

‘‘ਸਿੰਮੀ ਦੇ ਡੈਡੀ! ਮੈਂ ਮਾਂ ਆਂ ਓਹਦੀ। ਓਹਦੇ ਬਿਨਾ ਆਖੇ ਓਹਦੇ ਮਨ ਦੀ ਗੱਲ ਬੁਝ ਲੈਂਦੀ ਆਂ। ਉਹ ਨਹੀਂ ਖ਼ੁਸ਼ ਇਸ ਰਿਸ਼ਤੇ ਤੋਂ। ਨਾਲੇ ਸਾਡੀ ਕੁੜੀ ਕਿਹੜੀ ਅੰਨ੍ਹੀ-ਕਾਣੀ ਆ ਜਾਂ ਕੋਈ ਕਜ ਆ ਓਹਦੇ ’ਚ। ਸੁੱਖ ਨਾਲ ਪੜ੍ਹੀ ਲਿਖੀ ਆ, ਸੋਹਣੀ-ਸੁਨੱਖੀ ਆ। ਵਾਧੂ ਰਿਸ਼ਤੇ ਮੇਰੀ ਧੀ ਨੂੰ। ਆਹ ਜਿਹੜਾ ਭੈਣ ਜੀ ਕੁਲਵੰਤ ਨੇ ਦੱਸਿਆ ਸੀ ਪਿਛਲੇ ਮਹੀਨੇ, ਉਹ ਕਿਹੜਾ ਮਾੜਾ ਸੀ। ਮੁੰਡਾ ਸੋਹਣਾ ਵੀ ਸੀ, ਸਿਫ਼ਤ ਪੂਰੀ ਸੁਣੀ ਸੀ ਮੁੰਡੇ ਦੀ ਤੇ ਨਾਲੇ ਹਾਣ ਪਰਵਾਣ ਆ। ਆਪਣੀ ਸਿੰਮੀ ਨੂੰ ਵੀ ਚੰਗਾ ਲੱਗਾ ਸੀ ਉਹ। ਤੁਸੀਂ ਇਕ ਵਾਰ…।’’

‘‘ਬੱਲੇ ਤੇਰੇ! ਏਡੇ ਤੂੰ ਦਿਮਾਗ ਵਾਲੀ।’’ ਬੇਅੰਤ ਸਿਹੁੰ ਕੁਲਦੀਪ ਨੂੰ ਵਿੱਚੋਂ ਹੀ ਟੋਕਦਾ ਬੋਲਿਆ, ‘‘ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਓਏ ਉਹ ’ਮਰੀਕਾ ਰਹਿੰਦਾ ’ਮਰੀਕਾ ਤੇ ਹਾਅ ਜੀਹਦੀ ਗੱਲ ਤੂੰ ਕਰਦੀ ਆਂ ਇਹਦੇ ਪੱਲੇ ਕੀ ਆ। ਪੰਜ ਕਿੱਲੇ ਪੈਲੀ ਤੇ ਦੋ ਭਰਾ। ਮੁੰਡਾ ਸਰਕਾਰੀ ਨੌਕਰੀ ਕਰਦਾ ਬੱਸ। ਜਿੰਨੇ ਓਹਨੇ ਸਾਰੀ ਉਮਰ ’ਚ ਕਮਾਉਣੇ ਆ ਨਾ, ਇਹਨੇ ’ਮਰੀਕਾ ਵਾਲੇ ਨੇ ਮਹੀਨੇ ’ਚ ਕਮਾ ਲੈਣੇ। ਤੇਰਾ ਖਾਨਾ ਈ ਹੈਨੀ ਦਿਮਾਗ ਦਾ।’’ ਬੇਅੰਤ ਸਿਹੁੰ ਹੁਣ ਪੂਰਾ ਪੂਰਾ ਖਿੱਝਿਆ ਪਿਆ ਸੀ।

‘‘ਲੈ! ਫੇਰ ਕੀ ਹੋਇਆ ਜੇ ਚਾਰ ਛਿੱਲੜ ਘੱਟ ਨੇ। ’ਮਰੀਕਾ ਵਾਲਾ ਕਿਹੜਾ ਸੋਨੇ ਦੀਆਂ ਰੋਟੀਆਂ ਖਾਂਦਾ ਹੋਣਾ। ਉਹ ਘੱਟੋ-ਘੱਟ ਸਾਡੀ ਸਿੰਮੀ ਨਾਲ ਫੱਬੂ ਤਾਂ ਸਹੀ।’’ ਪਰ ਕੁਲਦੀਪ ਕੌਰ ਵੀ ਇਹ ਰਿਸ਼ਤਾ ਨਾ ਕਰਨ ’ਤੇ ਬਜ਼ਿੱਦ ਲੱਗ ਰਹੀ ਸੀ।

‘‘ਉਹ ਤੂੰ ਜਾ, ਜਾ ਕੇ ਅੰਨ-ਪਾਣੀ ਕਰ ਜਿਹੜਾ ਕੰਮ ਆ ਤੇਰਾ। ਇਹ ਬੰਦਿਆਂ ਦੇ ਕੰਮ ਆ ਬੰਦਿਆਂ ਨੂੰ ਕਰਨ ਦੇ। ਐਵੇਂ ਨਾ ਟੈਂ-ਟੈਂ ਕਰੀ ਜਾ।’’ ਬੇਅੰਤ ਸਿਹੁੰ ਨੇ ਆਪਣੇ ਵੱਲੋਂ ਜਿਵੇਂ ਸਾਰੀ ਗੱਲ ਮੁਕਾ ਛੱਡੀ ਸੀ।

‘‘ਕੁੜੇ ਕੁਲਦੀਪ! ਵੇ ਬੇਅੰਤ! ਤੁਸਾਂ ਦੋਵਾਂ ਨੇ ਕੀ

ਰੌਲਾ ਪਾਇਆ ਭਾਈ। ਕੋਈ ਸੁਣੂ ਤਾਂ ਕੀ ਆਖੂ?’’ ਬੇਅੰਤ ਸਿਹੁੰ ਦੀ ਮਾਂ ਭਜਨ ਕੌਰ ਜਿਹੜੀ ਬਾਹਰ

ਵਰਾਂਡੇ ’ਚ ਬੈਠੀ ਉਨ੍ਹਾਂ ਦੀ ਰਿਸ਼ਤਾ ਕਰਨ ਜਾਂ ਨਾ

ਕਰਨ ’ਤੇ ਹੋ ਰਹੀ ਬਹਿਸ ਨੂੰ ਸੁਣ ਰਹੀ ਸੀ, ਉੱਠ

ਕੇ ਉਨ੍ਹਾਂ ਦੇ ਕਮਰੇ ਵਿੱਚ ਚਲੀ ਗਈ ਸੀ।

‘‘ਆ ਬੀਬੀ! ਤੂੰ ਹੀ ਸਮਝਾ ਕੇ ਵੇਖ ਲਾ ਇਹਨੂੰ। ਖੌਰੇ ਤੇਰੀ ਗੱਲ ਇਹਦੇ ਖਾਨੇ ’ਚ ਪੈ ਜੇ।’’ ਏਨੀ ਗੱਲ ਕਹਿ ਕੇ ਉਹ ਕੁਲਦੀਪ ਵੱਲ ਕੌੜਾ ਜਿਹਾ ਝਾਕਿਆ।

‘‘ਮੈਂ ਬੁੱਢੜੀ ਨੇ ਭਲਾ ਕਿਸੇ ਨੂੰ ਕੀ ਸਮਝਾ ਲੈਣਾ। ਆਹੋ। ਪਰ ਇਕ ਗੱਲ ਮੈਂ ਜਰੂਰ ਸੁਣਾਊਂ। ਵੇ ਬੇਅੰਤ! ਤੈਨੂੰ ਤੇ ਪਤਾ ਹੋਣਾ, ਮੇਰੀ ਸਹੇਲੀ ਸੀ ਭਾਗੋ ਜਿਹੜੀ ਚਾਰ ਪੰਜ ਵਰ੍ਹੇ ਹੋਏ ਪੂਰੀ ਹੋਗੀ। ਤੇਰੇ ਮਾਮੇ ਨੇ ਦੱਸਿਆ ਸੀ ਮੈਨੂੰ।’’ ਭਜਨ ਕੌਰ ਮੰਜੇ ’ਤੇ ਬੈਠ ਗਈ ਸੀ ਤੇ ਹੱਥ ਵਿਚਲੀ ਖੂੰਡੀ ਓਹਨੇ ਮੰਜੇ ਦੀ ਬਾਹੀ ਨਾਲ ਟਿਕਾ ਦਿੱਤੀ।

‘‘ਆਹੋ ਦੱਸਦੀ ਤਾਂ ਹੁੰਦੀ ਸਾਂ ਕਈ ਵਾਰ ਕਿ ਤੂੰ ਤੇ ਮਾਸੀ ਭਾਗੋ ਬੜੀਆਂ ਪੱਕੀਆਂ ਸਹੇਲੀਆਂ ਹੁੰਦੀਆਂ ਸੀ। ਪਰ ਓਹਦਾ ਵਿੱਚ ਕਿੱਸਾ ਲੈ ਕੇ ਕਿਉਂ ਬਹਿ ਗਈ ਆਂ। ਅਸੀਂ ਕੋਈ ਗੱਲ ਕਰੀ ਜਾਨੇ ਆ ਤੂੰ ਕੋਈ ਕਰੀ ਜਾ।’’ ਬੇਅੰਤ ਸਿਹੁੰ ਪਹਿਲਾਂ ਹੀ ਖਿੱਝਿਆ ਬੈਠਾ ਸੀ ਤੇ ਹੁਣ ਆਪਣੀ ਮਾਂ ਦੀਆਂ ਗੱਲਾਂ ਤੋਂ ਥੋੜ੍ਹਾ ਹੋਰ ਖਿੱਝ ਗਿਆ ਸੀ।

‘‘ਜੇਰਾ ਰੱਖ ਕਾਕਾ! ਤੇਰੀ ਗੱਲ ’ਤੇ ਈ ਆਉਣ ਲੱਗੀ ਆਂ। ਭਾਗ ਕੌਰ ਦਾ ਵਿਆਹ ਮੇਰੇ ਤੋਂ ਸਾਲ ਕੁ ਹਟ ਕੇ ਹੋਇਆ ਸੀ। ਜਦੋਂ ਓਹਦਾ ਵਿਆਹ ਸੀ, ਤੂੰ ਮਸੀਂ ਇੱਕੀਆਂ ਦਿਨਾਂ ਦਾ ਸੀ। ਤੇਰੀ ਦਾਦੀ ਨੇ ਮੈਨੂੰ ਜਾਣ ਨਾ ਦਿੱਤਾ ਸ਼ਿਲੇ ਕਰਕੇ। ਮੈਂ ਵੀ ਨਿਆਣ ਉਮਰ ਦੀ ਸੀ। ਇਸ ਗੱਲ ’ਤੇ ਤੇਰੇ ਬਾਪੂ ਜੀ ਨਾਲ ਬੜਾ ਲੜੀ ਕਿ ਮੇਰੀ ਏਨੀ ਪੱਕੀ ਸਹੇਲੀ ਦਾ ਵਿਆਹ ਆ ਤੇ ਮੈਨੂੰ ਜਾਣ ਨਹੀਂ ਦਿੱਤਾ।’’ ਭਜਨ ਕੌਰ ਨੇ ਡੂੰਘਾ ਸਾਹ ਲਿਆ ਤੇ ਫੇਰ ਗੱਲ ਅੱਗੇ ਤੋਰੀ।

‘‘ਉਹਦੇ ਵਿਆਹ ਨੂੰ ਛੇ ਕੁ ਮਹੀਨੇ ਹੋਏ ਸੀ। ਮੈਂ ਵੀ ਪਿੰਡ ਗਈ ਹੋਈ ਸਾਂ ਤੇ ਉਹ ਵੀ ਆਈ ਹੋਈ ਸੀ। ਮੈਨੂੰ ਬੜਾ ਚਾਅ ਸੀ ਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਉਸ ਨੂੰ ਮਿਲਣਾ ਆ। ਕਿੰਨਾ ਕੁਝ ਹੋਊ ਉਸ ਕੋਲ ਦੱਸਣ ਲਈ। ਹਾਰ ਸ਼ਿੰਗਾਰ ’ਚ ਕਿੰਨੀ ਸੋਹਣੀ ਲੱਗਦੀ ਹੋਊ। ਪਰ ਜਦੋ ਮੈਂ ਉਹਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ ਤਾਂ ਵੇਖ ਕੇ ਹੈਰਾਨ ਜਿਹੀ ਰਹਿ ਗਈ। ਉਹਦੇ ’ਤੇ ਤਾਂ ਸੱਜ ਵਿਆਹੀ ਵਾਲਾ ਕੋਈ ਰੂਪ ਈ ਨਹੀਂ ਸੀ। ਕੋਈ ਰੌਣਕ ਨਹੀਂ ਸੀ। ਚਾਹ-ਪਾਣੀ ਪੀ ਕੇ ਅਸੀਂ ਅੰਦਰ ਚਲੀਆਂ ਗਈਆਂ ਗੱਲਾਂ ਬਾਤਾਂ ਕਰਨ। ਮੈਂ ਪੈਂਦੀ ਸੱਟੇ ਉਸ ਨੂੰ ਪਹਿਲਾ ਸਵਾਲ ਇਹੋ ਕੀਤਾ ‘ਹੈਂ ਨੀ ਭਾਗੋ! ਕੁੜੇ ਤੈਨੂੰ ਤੇ ਸਹੁਰਿਆਂ ਦਾ ਕੋਈ ਪਾਣੀ ਨਹੀਂ ਲੱਗਾ ਲੱਗਦਾ। ਤੂੰ ਤੇ ਕੀ ਬਿਮਾਰ ਜਿਹੀ ਬਣੀ ਆ। ਖਾਣ ਪੀਣ ਨੂੰ ਨਹੀਂ ਮਿਲਦਾ ਕਿ ਸੱਸ ਚੰਦਰੀ ਟੱਕਰ ਗਈ?’’ ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਉਹ ਨਾਲ ਈ ਫਿੱਸ ਗਈ ਤੇ ਮੇਰੇ ਗੱਲ ਨਾਲ ਚਿੰਬੜ ਗਈ ਜਿਵੇਂ ਦੋ ਵਰ੍ਹਿਆਂ ਦੀ ਜਵਾਕੜੀ ਹੋਵੇ।’’ ਏਨਾ ਕਹਿ ਭਜਨ ਕੌਰ ਪਤਾ ਨਹੀਂ ਸਾਹ ਲੈਣ ਲਈ ਰੁਕ ਗਈ ਸੀ ਕਿ ਮੋਈ ਸਹੇਲੀ ਦੇ ਕਿਸੇ ਗ਼ਮ ਨੂੰ ਯਾਦ ਕਰ ਭਰ ਆਈਆਂ ਅੱਖਾਂ ਨੂੰ ਪੂੰਝਣ ਲਈ।

‘‘ਮਾਸੀ ਭਾਗੋ ਕਿਉਂ ਰੋਂਦੀ ਸੀ ਬੀਬੀ ਜੀ?’’ ਕੁਲਦੀਪ ਅੱਗੇ ਜਾਨਣ ਨੂੰ ਕਾਹਲੀ ਸੀ।

‘‘ਇਸੇ ਜੋੜ-ਕੁਜੋੜ ਕਰਕੇ ਜਿਹੜਾ ਹੁਣ ਸਿੰਮੀ ਦਾ ਕਰਨ ਨੂੰ ਫਿਰਦਾ ਬੇਅੰਤ ਸਿਹੁੰ।’’ ਤੇ ਭਜਨ ਕੌਰ ਏਨੀ ਗੱਲ ਕਰਕੇ ਫਿਰ ਕੁਝ ਨਾ ਬੋਲੀ।

‘‘ਜੋੜ-ਕੁਜੋੜ ਕਿੱਦਾਂ ਬੀਬੀ ਜੀ?’’ ਕੁਲਦੀਪ ਨੇ ਕਾਹਲੀ ਜਿਹੀ ਪੈਂਦੀ ਨੇ ਪੁੱਛਿਆ।

‘‘ਭਾਗੋ ਪਹਿਲਾਂ ਕਿਤੇ ਹੋਰ ਮੰਗੀ ਸੀ। ਛੇ ਕੁ ਮਹੀਨੇ ਮੰਗੀ ਰਹੀ ਹੋਣੀ। ਫੇਰ ਓਹਦੀ ਮਾਮੀ ਨੇ ਇੱਕ ਨਵੀਂ ਦੱਸ ਪਾ ਦਿੱਤੀ ਜਿੱਥੇ ਬਾਅਦ ’ਚ ਉਹ ਵਿਆਹੀ ਗਈ ਸੀ। ਜਿੱਥੇ ਪਹਿਲਾਂ ਮੰਗੀ ਸੀ ਓਥੇ ਮੁੰਡੇ ਨੂੰ ਪੈਲੀ ਦੇ ਸਿਰਫ਼ ਪੰਜ ਕਿੱਲੇ ਆਉਂਦੇ ਸਨ ਤੇ ਇਹ ਮੁੰਡਾ ਉਨ੍ਹਾਂ ਦੀ ਸ਼ਰੀਕੇ ਵਿੱਚੋਂ ਹੀ ਲੱਗਦੀ ਚਾਚੀ ਦਾ ਭਣੇਵਾਂ ਸੀ। ਮੁੰਡਾ ਬੜਾ ਸੋਹਣਾ ਤੇ ਸ਼ਰੀਫ਼ ਸੁਣਿਆ ਸੀ। ਫੇਰ ਉਹਦੀ ਮਾਮੀ ਨੇ ’ਗਾਂਹ ਪਤਾ ਨਹੀਂ ਕੀ ਰਿਸ਼ਤੇਦਾਰੀ ਸੀ ਉਹਦੀ ਉੱਥੋਂ ਦੱਸ ਪਾ ਦਿੱਤੀ, ਬੜੇ ਸਰਦੇ ਪੁੱਜਦੇ ਘਰ ਦੀ। ਮੁੰਡੇ ਦੇ ਹਿੱਸੇ ਤੀਹ ਕਿੱਲੇ ਆਉਂਦੇ ਸਨ। ਹਰ ਇਕ ਸੰਦ ਘਰ ਦਾ ਸੀ। ਪੱਕੀ ਇੱਟ ਦਾ ਘਰ ਬਣਿਆ ਸੀ। ਬੱਸ ਭਾਗੋ ਦੇ ਮਾਂ-ਪਿਓ ਨੂੰ ਵੀ ਇਹੀ ਲਾਲਚ ਮਾਰ ਗਿਆ ਸੀ ਕਿ ਸਾਡੀ ਧੀ ਏਸੇ ਵੱਡੇ ਘਰ ਵਿੱਚ ਰਾਜ ਕਰੂਗੀ, ਪਰ ਉਨ੍ਹਾਂ ਨੇ ਮੁੰਡੇ ਦੀ ਵੱਡੀ ਉਮਰ ਵੱਲ ਨਾ ਵੇਖਿਆ। ਉਹ ਬੱਤੀ-ਤੇਤੀ ਸਾਲ ਦਾ ਹੋਣਾ ਤੇ ਭਾਗੋ ਮਸੀਂ ਉਨ੍ਹੀਵਾਂ ਟੱਪੀ ਸੀ। ਉੱਤੋਂ ਹੈ ਦੁਹਾਜੂ ਸੀ। ਪਹਿਲੀ ਵਹੁਟੀ ਖੌਰੇ ਆਂਹਦੇ ਸੀ ਤਾਪ ਈ ਚੜ੍ਹਿਆ ਤੇ ਪੂਰੀ ਹੋਗੀ। ਵਿਆਹ ਨੂੰ ਤਾਂ ਸੱਤ-ਅੱਠ ਸਾਲ ਹੋ ਗਏ ਸਨ, ਪਰ ਬੱਚਾ ਕੋਈ ਨਹੀਂ ਸੀ ਹੋਇਆ।’’

ਮਾੜਾ ਜਿਹਾ ਸਾਹ ਲੈ ਭਜਨ ਕੌਰ ਨੇ ਅੱਗੇ ਲੜੀ ਜੋੜੀ, ‘‘ਮੈਂ ਭਾਗੋ ਨੂੰ ਮਸੀਂ ਚੁੱਪ ਕਰਾ, ਮੰਜੇ ’ਤੇ ਬਿਠਾਇਆ ਤੇ ਬੱਚਿਆਂ ਵਾਂਗ ਪੁਚਕਾਰ ਕੇ ਉਸ ਨੂੰ ਪੁੱਛਣ ਲੱਗੀ ਕਿ ਪਤਾ ਤੇ ਲੱਗੇ ਗੱਲ ਕੀ ਹੋਈ ਆ। ਉਹ ਬੜਾ ਨਿਮਾਣਿਆਂ ਜਿਹਿਆਂ ਵਾਂਗ ਮੇਰੇ ਵੱਲ ਤੱਕੀ ਜਾ ਰਹੀ ਸੀ ਤੇ ਫੇਰ ਹਉਕੇ ਜਿਹੇ ਲੈ ਕੇ ਆਖਣ ਲੱਗੀ, ‘ਨੀ ਭਜਨੋ! ਤੈਨੂੰ ਚੇਤਾ ਆਪਾਂ ’ਕੱਠੀਆਂ ਸਵੈਟਰ ਉਣੇ ਸੀ। ਤੂੰ ਭਾਈਆ ਜੀ ਲਈ ਤੇ ਮੈਂ ਉਹਦੇ ਲਈ ਜੀਹਦੇ ਨਾਲ ਪਹਿਲਾਂ ਮੰਗੀ ਸਾਂ।’ ਮੈਂ ਬੱਸ ਹਾਂ ਵਿੱਚ ਸਿਰ ਹਿਲਾਇਆ। ਉਹ ਫੇਰ ਅੱਗੇ ਆਖਣ ਲੱਗੀ, ‘ਚਾਚੀ ਕਰਤਾਰੋ ਨੇ ਦੱਸਿਆ ਸੀ ਉਸ ਦਾ ਕੱਦ-ਕਾਠ, ਬੜਾ ਪਤਲਾ ਜਿਹਾ ਸੀ ਕਹਿੰਦੀ ਛਮਕ ਵਰਗਾ।’ ਉਹ ਪਤਾ ਨਹੀਂ ਇਹ ਕਹਾਣੀਆਂ ਕਿਉਂ ਪਾਉਣ ਲੱਗ ਗਈ ਸੀ। ਮੈਂ ਚੁੰਨੀ ਦੇ ਲੜ ਨਾਲ ਉਹਦਾ ਮੂੰਹ ਪੂੰਝਿਆ ਤੇ ਉਹਨੂੰ ਚੁੱਪ ਕਰਾਉਂਦੀ ਕਹਿਣ ਲੱਗੀ, ‘ਆਹੋ ਮੇਰੀਏ ਭੈਣੇ, ਚੇਤਾ ਆ ਮੈਨੂੰ ਪਰ ਹੁਣ ਇਹ ਸਭ ਕੁਝ ਮੈਨੂੰ ਕਿਉਂ ਦੱਸ ਰਹੀ ਆਂ। ਤੂੰ ਹੁਣ ਦੀ ਗੱਲ ਦੱਸ ਕੀ ਹੋਈ ਆ? ਸਹੁਰੇ ਨਹੀਂ ਚੰਗੇ ਕਿ ਭਾਈਆ ਜੀ ਕੁਝ ਕਹਿੰਦਾ?’ ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ। ਉਹ ਹਉਕਾ ਜਿਹਾ ਭਰਦੀ ਆਖਣ ਲੱਗੀ, ‘ਨੀ! ਉਹੋ ਸਵੈਟਰ ਮੈਂ ਨਾਲ ਲੈ ਗਈ ਸੀ ਸਹੁਰੇ। ਬੀਬੀ ਆਖਦੀ ਸੀ ਇਹ ਪਾ ਲੈਣਗੇ ਪਰ ਉਹਨੂੰ ਤਾਂ ਅੜਿਆ ਵੀ ਨਾ। ਕਿੱਥੇ ਉਹ ਪਤਲਾ ਪਤੰਗ ਜਿਹਾ ਸੀ ਤੇ ਕਿੱਥੇ ਇਹ ਕੱਦ-ਕਾਠ ਦਾ ਭਾਰਾ।’ ਇਹ ਗੱਲ ਸੁਣ ਕੇ ਮੇਰਾ ਮਾੜਾ ਜਿਹਾ ਹਾਸਾ ਨਿਕਲ ਗਿਆ, ਪਰ ਮੈਂ ਸਹਿਜ ਜਿਹੀ ਹੋ ਕੇ ਉਹਨੂੰ ਆਖਣ ਲੱਗੀ, ‘ਨੀ ਭਾਗੋ, ਤੂੰ ਜਵਾਕੜੀ ਆਂ ਦੱਸ? ਫੇਰ ਕੀ ਹੋਇਆ ਜੇ ਸਵੈਟਰ ਨਹੀਂ ਅੜਿਆ ਤਾਂ, ਤੂੰ ਹੋਰ ਉਣ ਲਈ ਦੱਸ।’ ‘ਨਾ ਨਾ ਭਜਨੋ! ਗੱਲ ਸਵੈਟਰ ਦੀ ਨਹੀਂ। ਪਰ ਨੀ ਅੜੀਏ! ਕੀ ਜੋੜ ਆ ਸਾਡਾ ਭਲਾ, ਦੱਸ ਖਾਂ। ਇੱਕ ਤੇ ਸਾਡੀ ਉਮਰ ’ਚ ਏਡਾ ਫ਼ਰਕ ਤੇ ਦੂਜਾ ਇਹ ਕਿ ਉਹਦੀ ਤੇ ਕੋਈ ਰੀਝ ਵੀ ਕੰਵਾਰੀ ਨਹੀਂ। ਮੇਰੀਆਂ ਤੇ ਸਾਰੀਆਂ ਰੀਝਾਂ ਈ ਕੰਵਾਰੀਆਂ ਸੀ ਨਾ।’ ਤੇ ਉਹ ਫਿਰ ਡੁਸਕਣ ਲੱਗ ਪਈ। ‘ਮੈਂ ਦੱਸ ਕੀ ਕਰਨੇ ਸੀ ਤੀਹ ਕਿੱਲੇ। ਪੰਜਾਂ ਕਿੱਲਿਆਂ ਵਾਲਾ ਕਿਤੇ ਮੈਨੂੰ ਭੁੱਖੀ ਤਾਂ ਨਹੀਂ ਮਾਰ ਦੇਣ ਲੱਗਾ ਸੀ। ਮੈਂ ਕੋਈ ਕਿੱਲੇ ਬੱਝੀ ਮੱਝ-ਗਾਂ ਸੀ ਜਿਹਨੂੰ ਇੱਕ ਕਿੱਲੇ ਤੋਂ ਖੋਲ੍ਹ, ਦੂਜੇ ’ਤੇ ਬੰਨ੍ਹਣ ਲੱਗਿਆਂ ਪੁੱਛਿਆ ਵੀ ਨਾ। ਮੈਂ ਉਹਦੇ ਨਾਲ ਰਹਿਣ ਦੇ ਕਿੰਨੇ ਸੁਪਨੇ ਦੇਖ ਲਏ ਸੀ। ਜਿੱਦਾਂ ਜਿੱਦਾਂ ਵੀ ਚਾਚੀ ਕਰਤਾਰੋ ਨੇ ਦੱਸਿਆ ਸੀ ਮੈਂ ਓਦਾਂ ਦੇ ਹੀ ਨੈਣ-ਨਕਸ਼ ਸੋਚ ਉਹਦਾ ਮੁਹਾਂਦਰਾ ਘੜ ਲਿਆ ਸੀ। ਉਹ ਕਿੰਝ ਉੱਠਦਾ-ਬਹਿੰਦਾ ਹੋਊ, ਕਿੰਝ ਤੁਰਦਾ-ਫਿਰਦਾ ਹੋਊ, ਖਾਂਦਾ-ਪੀਂਦਾ ਹੋਊ, ਮੈਂ ਬੱਸ ਉਸ ਬਾਰੇ ਸੋਚਦੀ ਸਾਂ। ਮੈਂ ਚਾਹੇ ਸੋਚਾਂ ਦੀ ਤੰਦ ਰਾਹੀਂ ਹੀ, ਪਰ ਉਸ ਨਾਲ ਜੁੜ ਗਈ ਸਾਂ ਭੈਣੇ।’ ਤੇ ਉਹ ਫੇਰ ਫਿਸ ਪਈ। ਮੈਂ ਉਹਦੀ ਗੱਲ ਨੂੰ ਸਮਝ ਤਾਂ ਰਹੀ ਸਾਂ, ਪਰ ਉਹਦੀ ਪੀੜ ਨੂੰ ਖੌਰੇ ਮਹਿਸੂਸ ਨਹੀਂ ਸੀ ਕਰ ਸਕੀ। ਮੈਂ ਆਪਣੇ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲਗੀ ਕਿ ਉਹਦੇ ਸੰਜੋਗ ਨਹੀਂ ਸੀ ਉਸ ਨਾਲ, ਜਿਸ ਨਾਲ ਸੀ ਉਹਦੇ ਨਾਲ ਹੀ ਵਿਆਹ ਹੋਣਾ ਸੀ, ਪਰ ਉਹਦਾ ਦਿਲ ਜਿਹੜੀ ਪੀੜ ਹੰਢਾ ਰਿਹਾ ਸੀ, ਉਹਦੇ ’ਤੇ ਇਨ੍ਹਾਂ ਧਰਵਾਸਿਆਂ ਦਾ ਕੋਈ ਖ਼ਾਸ ਅਸਰ ਨਹੀਂ ਸੀ ਹੋਇਆ। ਉਹ ਫੇਰ ਆਪਣੇ ਮਨ ਦੀ ਵੇਦਨਾ ਦੱਸਣ ਲੱਗੀ, ‘ਨਹੀਂ ਨੀ ਭਜਨੋ! ਇਹ ਸੰਜੋਗ ਨਹੀਂ ਸੀ। ਇਹ ਤੇ ਮੇਰੇ ਮਾਪਿਆਂ ਦਾ ਲਾਲਚ ਹੀ ਸੀ ਜਿਨ੍ਹਾਂ ਇਸ ਸਾਕ ਵਿੱਚ ਮੈਨੂੰ ਨਰੜ ਦਿੱਤਾ। ਮੈਨੂੰ ਇੱਕ ਵਾਰ ਈ ਪੁੱਛ ਲੈਂਦੇ ਕਿ ਭਾਗੋ ਤੇਰੀ ਕੀ ਮਰਜੀ ਆ। ਮੈਂ ਨਹੀਂ ਜਾਣਾ ਸਹੁਰੇ ਭਜਨੋ! ਤੂੰ ਬੀਬੀ ਨੂੰ ਕਹਿ ਕੇ ਵੇਖ ਖਾਂ ਅੜੀਏ।’ ਤੇ ਉਹ ਦੁਬਾਰਾ ਮੈਨੂੰ ਚਿੰਬੜ ਗਈ।’’

ਏਨੀ ਗੱਲ ਸੁਣਾ ਭਜਨ ਕੌਰ ਜਿਵੇਂ ਅਤੀਤ ਵਿੱਚ ਗਵਾਚ ਗਈ ਸੀ।

ਉਸ ਨੂੰ ਇੰਝ ਚੁੱਪ ਵੇਖ ਕੇ ਇਸ ਵਾਰ ਸਵਾਲ ਬੇਅੰਤ ਸਿਹੁੰ ਵੱਲੋਂ ਆਇਆ ਸੀ, ‘‘ਫੇਰ ਕੀ ਬਣਿਆ?’’

‘‘ਬਣਨਾ ਕੀ ਸੀ?’’ ਭਜਨ ਕੌਰ ਨੇ ਠੰਢਾ ਜਿਹਾ ਹਉਕਾ ਭਰਿਆ, ‘‘ਨਾ ਪਹਿਲਾਂ ਕਿਸੇ ਨੇ ਓਹਦੀ ਮਰਜ਼ੀ ਪੁੱਛੀ ਸੀ ਤੇ ਨਾ ਫੇਰ ਕਿਸੇ ਨੇ ਪੁੱਛੀ। ਪਰ ਅਸੀਂ ਜਦੋਂ ਵੀ ਕਿਤੇ ’ਕੱਠੀਆਂ ਹੋਈਆਂ ਮੈਂ ਹਮੇਸ਼ਾ ਉਹਦੀਆਂ ਅੱਖਾਂ ਵਿੱਚ ਇੱਕ ਅਧੂਰਾਪਣ ਜਿਹਾ ਈ ਵੇਖਿਆ। ਸੁੱਖ ਨਾਲ ਤਿੰਨ ਪੁੱਤਾਂ ਤੇ ਇੱਕ ਧੀ ਦੀ ਮਾਂ ਬਣ ਗਈ ਸੀ। ਫੇਰ ਵੀ ਜਿਵੇਂ ਕੁਝ ਖਾਲੀਪਣ ਸੀ। ਖੌਰੇ ਹਾਣ ਨਾ ਮਿਲਣ ਕਰਕੇ, ਖੌਰੇ ਮਾਪਿਆਂ ਨੇ ਜ਼ਿਆਦਤੀ ਜਿਹੀ ਕਰ’ਤੀ ਸੀ ਤਾਂ ਕਰਕੇ। ਪਰ ਸੀ ਕੁਝ ਜਿਹਨੂੰ ਸਾਰੀ ਉਮਰ ਉਹ ਤਰਸਦੀ ਰਹੀ। ਵੇ ਬੇਅੰਤ! ਦੇਖੀਂ ਕਿਤੇ ਆਪਣੀ ਸਿੰਮੀ ਵੀ ਦੂਜੀ ਭਾਗੋ ਨਾ ਬਣਜੇ। ਇੱਕ ਵਾਰ ਕੁੜੀ ਦੀ ਮਰਜ਼ੀ ਜ਼ਰੂਰ ਪੁੱਛ ਲਿਓ। ਫੇਰ ਭਾਈ ਜੋ ਮਰਜ਼ੀ ਕਰਿਓ।’’ ਏਨਾ ਆਖ ਉਹ ਆਪਣੀ ਖੂੰਢੀ ਫੜ ਬਾਹਰ ਨੂੰ ਤੁਰ ਪਈ ਸੀ ਜਿਵੇਂ ਇਸ ਤੋਂ ਵੱਧ ਉਸ ਕੋਲ ਸਮਝਾਉਣ ਲਈ ਕੁਝ ਨਹੀਂ

ਸੀ ਤੇ ਬੇਅੰਤ ਸਿਹੁੰ ਹੁਣ ਕਿਸੇ ਡੂੰਘੀ ਸੋਚ ਵਿੱਚ ਡੁੱਬਿਆ ਲੱਗਦਾ ਸੀ।

– ਗੁਰਮੀਨ ਕੌਰ