ਜੋਹੋਰ ਬਾਹਰੂ (ਮਲੇਸ਼ੀਆ), ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਆਸਟਰੇਲੀਆ ਨੂੰ 5-1 ਗੋਲਾਂ ਨਾਲ ਹਰਾ ਕੇ ਨੌਵੇਂ ਸੁਲਤਾਨ ਆਫ਼ ਜੋਹੋਰ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਲਈ। ਭਾਰਤ ਦੇ ਤਮਨ ਦਯਾ ਹਾਕੀ ਸਟੇਡੀਅਮ ਵਿੱਚ ਲਾਜਵਾਬ ਪ੍ਰਦਰਸ਼ਨ ਦੌਰਾਨ ਸ਼ਿਲਾਨੰਦ ਲਾਕੜਾ (26ਵੇਂ ਅਤੇ 29ਵੇਂ ਮਿੰਟ) ਨੇ ਦੋ, ਜਦਕਿ ਦਿਲਪ੍ਰੀਤ ਸਿੰਘ (44ਵੇਂ ਮਿੰਟ), ਗੁਰਸਾਹਿਬਜੀਤ ਸਿੰਘ (48ਵੇਂ ਮਿੰਟ) ਅਤੇ ਮਨਦੀਪ ਮੋਰ (50ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਭਾਰਤ ਆਪਣੇ ਆਖ਼ਰੀ ਰਾਊਂਡ ਰੌਬਿਨ ਮੈਚ ਵਿੱਚ ਸ਼ੁੱਕਰਵਾਰ ਨੂੰ ਬਰਤਾਨੀਆ ਨਾਲ ਭਿੜੇਗਾ।
ਭਾਰਤ ਨੂੰ ਆਸਟਰੇਲੀਆ ਦੀ ਗ਼ਲਤੀ ਕਾਰਨ ਪਹਿਲੇ ਹੀ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ, ਪਰ ਰੌਬਰਟ ਮੈਕਲਿਨਾਨ ਨੇ ਫੁਰਤੀ ਵਿਖਾਉਂਦਿਆਂ ਗੁਰਸਾਹਿਬਜੀਤ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਆਸਟਰੇਲੀਆ ਨੂੰ ਅੱਠਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ।
ਭਾਰਤ ਨੇ ਦੂਜੇ ਕੁਆਰਟਰ ਵਿੱਚ ਗੋਲਕੀਪਰ ਪ੍ਰਸ਼ਾਂਤ ਚੌਹਾਨ ਨੂੰ ਮੈਦਾਨ ’ਤੇ ਉਤਾਰਿਆ। ਆਸਟਰੇਲੀਆ ਨੇ ਇਸ ਦੌਰਾਨ ਚੰਗਾ ਮੌਕਾ ਬਣਾਇਆ ਅਤੇ ਸੈਮ ਮੈਕਕੁਲੋ ਸ਼ਾਟ ਨੂੰ ਚੌਹਾਨ ਨੇ ਬੇਅਸਰ ਕਰ ਦਿੱਤਾ। ਭਾਰਤ ਨੂੰ ਦੂਜੇ ਕੁਆਰਟਰ ਵਿੱਚ ਆਪਣਾ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਗੁਰਸਾਹਿਬਜੀਤ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਭਾਰਤ ਨੇ ਇਸ ਮਗਰੋਂ ਲਾਕੜਾ ਦੇ ਗੋਲ ਦੀ ਬਦੌਲਤ ਲੀਡ ਬਣਾਈ। ਦਿਲਪ੍ਰੀਤ ਦੇ ਸ਼ਾਨਦਾਰ ਪਾਸ ਨਾਲ ਭਾਰਤ ਨੇ ਆਸਟਰੇਲੀਆ ਦੇ ਡਿਫੈਂਸ ਵਿੱਚ ਸੰਨ੍ਹ ਲਾਈ ਅਤੇ ਲਾਕੜਾ ਨੇ ਗੋਲ ਕਰ ਦਿੱਤਾ। ਦੂਜੇ ਕੁਆਰਟਰ ਦੇ ਅਖ਼ੀਰ ਵਿੱਚ ਚੌਹਾਨ ਨੇ ਆਸਟਰੇਲੀਆ ਦੇ ਇੱਕ ਹੋਰ ਯਤਨ ਨੂੰ ਅਸਫਲ ਕੀਤਾ।
ਦਿਲਪ੍ਰੀਤ ਅਤੇ ਲਾਕੜਾ ਦੀ ਜੋੜੀ ਨੇ ਇਸ ਮਗਰੋਂ ਇੱਕ ਵਾਰ ਫਿਰ ਸ਼ਾਨਦਾਰ ਮੌਕਾ ਬਣਾਇਆ। ਲਾਕੜਾ ਨੇ ਇਸ ਮੌਕੇ ਨੂੰ ਗੋਲ ਵਿੱਚ ਬਦਲਦਿਆਂ ਭਾਰਤ ਨੂੰ ਮੈਚ ਦੇ ਅੱਧ ਤੱਕ 2-0 ਦੀ ਲੀਡ ਦਿਵਾਈ। ਭਾਰਤ ਨੇ ਲੀਡ ਦੁੱਗਣੀ ਹੋਣ ਮਗਰੋਂ ਆਖ਼ਰੀ ਦੋ ਕੁਆਰਟਰ ਵਿੱਚ ਦਬਾਅ ਬਣਾਈ ਰੱਖਿਆ ਅਤੇ ਤਿੰਨ ਹੋਰ ਗੋਲ ਦਾਗ਼ੇ। ਆਸਟਰੇਲੀਆ ਨੇ ਵੀ ਇਸ ਦੌਰਾਨ ਇੱਕ ਗੋਲ ਕੀਤਾ।