ਅੰਮ੍ਰਿਤਸਰ ਜਿ਼ਲ੍ਹੇ ਨਾਲ ਸਬੰਧਤ ਜੋਧਪੁਰ ਦੇ 25 ਨਜ਼ਰਬੰਦ ਪੀੜਤਾਂ ਨੂੰ ਕੁੱਲ 1.34 ਕਰੋੜ ਰੁਪਏ ਦੇ ਚੈੱਕ ਮਿਲ ਗਏ ਹਨ। ਜੂਨ 1984 `ਚ ਬਲੂ ਸਟਾਰ ਆਪਰੇਸ਼ਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ `ਚੋਂ ਫ਼ੌਜ ਵੱਲੋਂ ਕੁਝ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਕੇ ਕਈ ਵਰ੍ਹੇ ਜੋਧਪੁਰ ਦੀ ਜੇਲ੍ਹ `ਚ ਰੱਖਿਆ ਗਿਆ ਸੀ। ਕਾਂਗਰਸੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਇਹ ਚੈੱਕ ਵੰਡਦਿਆਂ ਕਿਹਾ ਕਿ ਇਸ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰ ਬੱਝਦਾ ਹੈ।
ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਅਟਾਰੀ ਤੋਂ ਤਰਸੇਮ ਸਿੰਘ ਡੀਸੀ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ 25 ਵਿਅਕਤੀਆਂ ਨੂੰ ਇਹ ਚੈੱਕ ਸੌਂਪੇ। ਜੂਨ 1984 `ਚ ਕੁੱਲ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ 365 ‘ਸ਼ਰਧਾਲੂਆਂ` ਨੂੰ ਕੈਦ ਕਰ ਕੇ ਗੁਆਂਢੀ ਸੂਬੇ ਰਾਜਸਥਾਨ ਦੇ ਸ਼ਹਿਰ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਵਿੱਚੋਂ 40 ਜਣਿਆਂ ਨੇ ਅਦਾਲਤ `ਚ ਮੁਆਵਜ਼ੇ ਲਈ ਅਰਜ਼ੀ ਦਾਇਰ ਕੀਤੀ ਸੀ।
ਹਰੇਕ ਨਜ਼ਰਬੰਦ ਨੂੰ ਔਸਤਨ 5 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ।
ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਸੀ ਕਿ 40 ਨਜ਼ਰਬੰਦਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਜਦ ਤੋਂ ਉਨ੍ਹਾਂ ਆਪਣੀ ਅਰਜ਼ੀ ਦਾਖ਼ਲ ਕੀਤੀ ਹੈ, ਤਦ ਤੋਂ ਲੈ ਕੇ ਹੁਣ ਤੱਕ 6 ਫ਼ੀ ਸਦੀ ਵਿਆਜ ਵੀ ਅਦਾ ਕੀਤਾ ਜਾਵੇ।
ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਬੀਤੀ 2 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਕੇਂਦਰ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਇਨ੍ਹਾਂ ਨਜ਼ਰਬੰਦਾਂ ਲਈ ਕੇਂਦਰ ਪਹਿਲਾਂ 2.16 ਕਰੋੜ ਰੁਪਏ ਮਨਜ਼ੂਰ ਕਰ ਕੇ ਪੰਜਾਬ ਸਰਕਾਰ ਨੂੰ ਸੌਂਪ ਚੁੱਕਾ ਹੈ। ਸੂਬਾ ਸਰਕਾਰ 40 ਨਜ਼ਰਬੰਦਾਂ ਲਈ 2.16 ਕਰੋੜ ਵਿਚਲਾ ਆਪਣਾ ਬਣਦਾ 50 ਫ਼ੀ ਸਦੀ ਹਿੱਸਾ ਪਹਿਲਾਂ ਪੀੜਤਾਂ ਨੂੰ ਅਦਾ ਕਰ ਚੁੱਕੀ ਹੈ।
ਕਾਂਗਰਸੀ ਵਿਧਾਇਕ ਗਿੱਲ ਨੇ ਕਿਹਾ,‘‘ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਚਾਰ ਵਾਰ ਸਰਕਾਰ ਬਣਾਈ ਸੀ ਪਰ ਜੋਧਪੁਰ ਦੇ ਨਜ਼ਰਬੰਦਾਂ ਨੂੰ ਕਦੇ ਇੱਕ ਪੈਸਾ ਨਹੀਂ ਦਿੱਤਾ। ਅਕਾਲੀ ਆਗੂ ਬਲੂ ਸਟਾਰ ਨੂੰ ਮੁੱਦਾ ਬਣਾ ਕੇ ਵੋਟਾਂ ਤਾਂ ਜ਼ਰੂਰ ਮੰਗ ਲੈਂਦੇ ਹਨ ਪਰ ਉਸ ਆਪਰੇਸ਼ਨ ਦੇ ਪੀੜਤਾਂ ਨੂੰ ਘਟਾਉਣ ਲਈ ਕਦੇ ਕੁਝ ਨਹੀਂ ਕਰਦੇ।“
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਦਾ ਜੋਧਪੁਰ ਦੇ ਨਜ਼ਰਬੰਦਾਂ ਦੀ ਮਦਦ ਕਰਦੇ ਰਹੇ ਹਨ। ਉਨ੍ਹਾਂ ਆਪਣੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਹਰੇਕ ਨਜ਼ਰਬੰਦ ਨੂੰ 1-1 ਲੱਖ ਰੁਪਏ ਅਦਾ ਕੀਤੇ ਸਨ। ਉਨ੍ਹਾਂ ਕੇਂਦਰ ਸਰਕਾਰ ਦਾ ਵੀ ਇਹ ਰਕਮ ਜਾਰੀ ਕਰਨ ਲਈ ਧੰਨਵਾਦ ਕੀਤਾ।
ਅਟਾਰੀ ਦੇ ਵਿਘਾਇਕ ਤਰਸੇਮ ਸਿੰਘ ਅਤੇ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।