ਮੈਲਬਰਨ, 3 ਫਰਵਰੀ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਬੇਹੱਦ ਸਖ਼ਤ ਮੁਕਾਬਲੇ ਵਿੱਚ ਡੌਮੀਨਿਕ ਥੀਮ ਨੂੰ ਹਰਾ ਕੇ ਅੱਜ ਇੱਥੇ ਰਿਕਾਰਡ ਅੱਠਵੀਂ ਵਾਰ ਆਸਟਰੇਲੀਅਨ ਓਪਨ ਦਾ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਅਤੇ ਇਸ ਦੇ ਨਾਲ ਹੀ ਉਸ ਦਾ ਅਗਲੀ ਰੈਂਕਿੰਗਜ਼ ਵਿੱਚ ਅੱਵਲ ਨੰਬਰ ਇੱਕ ਪੁਰਸ਼ ਖਿਡਾਰੀ ਬਣਨਾ ਤੈਅ ਹੋ ਗਿਆ। ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ 1-2 ਨਾਲ ਪੱਛੜਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਆਸਟਰੀਆ ਦੇ ਪੰਜਵਾਂ ਦਰਜਾ ਪ੍ਰਾਪਤ ਖਿਡਾਰੀ ਥੀਮ ਨੂੰ ਪੰਜ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਲਗਪਗ ਚਾਰ ਘੰਟੇ ਵਿੱਚ 6-4, 4-6, 2-6, 6-3, 6-4 ਨਾਲ ਹਰਾਇਆ।
ਜੋਕੋਵਿਚ ਦਾ ਇਹ 17ਵਾਂ ਗਰੈਂਡ ਸਲੈਮ ਖ਼ਿਤਾਬ ਹੈ। ਜੋਕੋਵਿਚ ਹੁਣ ਸਭ ਤੋਂ ਵੱਧ ਪੁਰਸ਼ ਸਿੰਗਲਜ਼ ਗਰੈਂਡ ਖ਼ਿਤਾਬ ਜਿੱਤਣ ਦੇ ਮਾਮਲੇ ਵਿੱਚ ਰਾਫੇਲ ਨਡਾਲ (19 ਗਰੈਂਡ ਸਲੈਮ) ਤੋਂ ਦੋ ਅਤੇ ਰੋਜਰ ਫੈਡਰਰ (20 ਗਰੈਂਡ ਸਲੈਮ) ਤੋਂ ਤਿੰਨ ਖ਼ਿਤਾਬ ਪਿੱਛੇ ਹੈ। ਛੇ ਮਹੀਨਿਆਂ ਤੋਂ ਕੁੱਝ ਵੱਧ ਸਮਾਂ ਪਹਿਲਾਂ ਫੈਡਰਰ ਖ਼ਿਲਾਫ਼ ਵਿੰਬਲਡਨ ਫਾਈਨਲ ਵਿੱਚ ਦੋ ਚੈਂਪੀਅਨਸ਼ਿਪ ਅੰਕ ਬਚਾਉਣ ਮਗਰੋਂ ਪੰਜ ਸੈੱਟ ਵਿੱਚ ਜਿੱਤ ਦਰਜ ਕਰਨ ਵਾਲੇ ਜੋਕੋਵਿਚ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਸ ਦੇ ਅੰਦਰ ਅਖ਼ੀਰ ਤੱਕ ਹਾਰ ਨਾ ਮੰਨਣ ਦਾ ਜਜ਼ਬਾ ਹੈ। ਇਸ ਜਿੱਤ ਨਾਲ ਮੈਲਬਰਨ ਪਾਰਕ ਵਿੱਚ ਸੈਮੀਫਾਈਨਲ ਅਤੇ ਫਾਈਨਲ ਵਿੱਚ ਜੋਕੋਵਿਚ ਦਾ ਜਿੱਤ ਦਾ ਰਿਕਾਰਡ 16-0 ਹੋ ਗਿਆ ਹੈ। ਉਹ ਹੁਣ ਵਿਸ਼ਵ ਦਰਜਾਬੰਦੀ ਵਿੱਚ ਨਡਾਲ ਨੂੰ ਪਛਾੜ ਕੇ ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਬਣ ਜਾਵੇਗਾ। ਆਸਟਰੇਲੀਅਨ ਓਪਨ ਦੇ ਇਤਿਹਾਸ ਵਿੱਚ ਹਾਰਡ ਕੋਰਟ ’ਤੇ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਕਿਸੇ ਵੀ ਪੁਰਸ਼ ਖਿਡਾਰੀ ਨੇ ਛੇ ਤੋਂ ਵੱਧ ਵਾਰ ਨਹੀਂ ਜਿੱਤਿਆ। ਸਰਬੀਆ ਦੇ 32 ਸਾਲ ਦੇ ਜੋਕੋਵਿਚ ਦੀ ਫਾਈਨਲ ਵਿੱਚ ਜਿੱਤ ਦੀ ਰਾਹ ਬਹੁਤ ਮੁਸ਼ਕਲ ਰਹੀ। ਉਸ ਨੇ ਕੁਆਰਟਰ ਫਾਈਨਲ ਵਿੱਚ ਨਡਾਲ ਨੂੰ ਹਰਾਉਣ ਵਾਲੇ ਥੀਮ ਖ਼ਿਲਾਫ਼ ਇੱਕ ਸਮੇਂ ਲਗਾਤਾਰ ਛੇ ਗੇਮਾਂ ਗੁਆਈਆਂ। ਤੀਜੇ ਸੈੱਟ ਦੌਰਾਨ ਜੋਕੋਵਿਚ ਦੇ ਡਾਕਟਰ ਅਤੇ ਟ੍ਰੇਟਰ ਨੂੰ ਕੋਰਟ ’ਤੇ ਆਉਣ ਪਿਆ ਕਿਉਂਕਿ ਇਸ ਖਿਡਾਰੀ ਨੂੰ ਸਰੀਰ ਵਿੱਚ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਸੀ। ਜੋਕੋਵਿਚ ਨੇ ਇੱਕ ਸਾਲ ਪਹਿਲਾਂ ਨਡਾਲ ਖ਼ਿਲਾਫ਼ ਇੱਥੇ ਖ਼ਿਤਾਬੀ ਜਿੱਤ ਦੌਰਾਨ ਸਿਰਫ਼ ਨੌਂ ਆਮ ਗ਼ਲਤੀਆਂ ਕੀਤੀਆਂ ਸਨ, ਪਰ ਅੱਜ ਉਸ ਨੇ ਪਹਿਲੇ ਸੈੱਟ ਵਿੱਚ ਹੀ 14 ਗ਼ਲਤੀਆਂ ਕਰਕੇ ਇਸ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਉਸ ਨੇ ਮੈਚ ਦੌਰਾਨ ਕੁੱਲ 57 ਆਮ ਗ਼ਲਤੀਆਂ ਕੀਤੀਆਂ। ਇਸ ਮੈਚ ਨਾਲ ਹਾਲਾਂਕਿ ਪੰਜ ਸੈੱਟ ਤੱਕ ਚੱਲਣ ਵਾਲੇ ਮੁਕਾਬਲਿਆਂ ਵਿੱਚ ਜੋਕੋਵਿਚ ਦਾ ਇੱਕ ਵਾਰ ਫਿਰ ਦਬਦਬਾ ਸਾਬਤ ਹੋਇਆ। ਉਸ ਨੇ ਹੁਣ ਤੱਕ ਪੰਜ ਸੈੱਟ ਤੱਕ ਚੱਲਣ ਵਾਲੇ 41 ਮੈਚਾਂ ਵਿੱਚੋਂ 31 ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਦਸ ਵਿੱਚ ਉਸ ਨੂੰ ਹਾਰ ਝੱਲਣੀ ਪਈ। ਪੰਜ ਸੈੱਟ ਦੇ ਮੁਕਾਬਲਿਆਂ ਵਿੱਚ ਥੀਮ ਦਾ ਰਿਕਾਰਡ 8-7 ਹੈ। ਜੋਕੋਵਿਚ ਨੇ ਇਸ ਤੋਂ ਪਹਿਲਾਂ 2018, 2011, 2012, 2013, 2015, 2016 ਅਤੇ 2019 ਵਿੱਚ ਆਸਟਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਹੈ। ਉਹ ਇਸ ਤੋਂ ਇਲਾਵਾ ਪੰਜ ਵਾਰ ਵਿੰਬਲਡਨ ਅਤੇ ਤਿੰਨ-ਤਿੰਨ ਵਾਰ ਯੂਐੱਸ ਓਪਨ ਅਤੇ ਫਰੈਂਚ ਓਪਨ ਦਾ ਖ਼ਿਤਾਬ ਵੀ ਜਿੱਤ ਚੁੱਕਿਆ ਹੈ।
ਦੂਜੇ ਪਾਸੇ ਆਸਟਰੀਆ ਦਾ 26 ਸਾਲ ਦਾ ਥੀਮ ਤੀਜੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਖੇਡ ਰਿਹਾ ਸੀ। ਉਸ ਨੂੰ ਤਿੰਨ ਵਾਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਉਸ ਨੂੰ ਦੋਵੇਂ ਵਾਰ ਫਰੈਂਚ ਓਪਨ ਦੇ ਫਾਈਨਲ ਵਿੱਚ ਨਡਾਲ ਤੋਂ ਹਾਰ ਮਿਲੀ ਸੀ।