ਨਿਊਯਾਰਕ, ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਅਤੇ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਸਟੇਨ ਵਾਵਰਿੰਕਾ ਖ਼ਿਲਾਫ਼ ਪਹਿਲੇ ਦੋ ਸੈੱਟ ਗੁਆਉਣ ਮਗਰੋਂ ਕੋਰਟ ਛੱਡ ਦਿੱਤਾ। ਇਸ ਤਰ੍ਹਾਂ ਤਿੰਨ ਵਾਰ ਦਾ ਗਰੈਂਡ ਸਲੈਮ ਚੈਂਪੀਅਨ ਸਵਿੱਸ ਖਿਡਾਰੀ ਵਾਵਰਿੰਕਾ ਯੂਐੱਸ ਓਪਨ ਦੇ ਆਖ਼ਰੀ ਅੱਠ ਵਿੱਚ ਪਹੁੰਚ ਗਿਆ। ਸਵਿਟਜ਼ਰਲੈਂਡ ਦੇ ਇੱਕ ਹੋਰ ਸਟਾਰ ਅਤੇ ਦੁਨੀਆਂ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਵੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਫੈਡਰਰ ਨੇ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ ਮਾਤ ਦਿੱਤੀ, ਜਦਕਿ ਰੂਸ ਦੇ ਪੰਜਵਾਂ ਦਰਜਾ ਪ੍ਰਾਪਤ ਡੇਨਿਲ ਮੈਦਵੇਦੇਵ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ।
ਜੋਕੋਵਿਚ ਖੱਬੇ ਮੋਢੇ ਦੀ ਸੱਟ ਕਾਫ਼ੀ ਪ੍ਰੇਸ਼ਾਨ ਸੀ। 34 ਸਾਲ ਦੇ ਵਾਵਰਿੰਕਾ ਨੇ ਯੂਐੱਸ ਓਪਨ-2016 ਫਾਈਨਲ ਵਿੱਚ ਜੋਕੋਵਿਚ ਨੂੰ ਹਰਾਇਆ ਸੀ। ਨੋਵਾਕ ਦੇ ਮੈਚ ’ਚੋਂ ਹਟਣ ’ਤੇ ਵਾਵਰਿੰਕਾ ਨੇ ਕਿਹਾ, ‘‘ਤੁਸੀਂ ਕਦੇ ਵੀ ਇਸ ਤਰ੍ਹਾਂ ਮੈਚ ਨੂੰ ਖ਼ਤਮ ਕਰਨਾ ਨਹੀਂ ਚਹੁੰਦੇ। ਮੈਨੂੰ ਨੋਵਾਕ ਲਈ ਅਫ਼ਸੋਸ ਹੈ। ਉਹ ਸ਼ਾਨਦਾਰ ਚੈਂਪੀਅਨ ਹੈ।’’
ਸਿਨਸਿਨਾਟੀ ਵਿੱਚ ਖ਼ਿਤਾਬ ਜਿੱਤਣ ਵਾਲੇ ਮੈਦਵੇਦੇਵ ਦਾ ਸਾਹਮਣਾ ਵਾਵਰਿੰਕਾ ਨਾਲ ਹੋਵੇਗਾ। ਉਸ ਨੇ ਜਰਮਨ ਕੁਆਲੀਫਾਇਰ ਡੌਮੀਨਿਕ ਕੋਫਰ ਨੂੰ 3-6, 6-3, 6-2, 7-6 ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਫੈਡਰਰ ਨੇ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ 6-2, 6-2, 6-0 ਨਾਲ ਹਰਾ ਕੇ 13ਵੀਂ ਵਾਰ ਆਖ਼ਰੀ ਅੱਠ ਵਿੱਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ 78ਵੇਂ ਦਰਜੇ ਵਾਲੇ ਦਿਮਿਤ੍ਰੋਵ ਨਾਲ ਹੋਵੇਗਾ।

ਬੋਪੰਨਾ ਦੀ ਹਾਰ ਨਾਲ ਭਾਰਤੀ ਚੁਣੌਤੀ ਖ਼ਤਮ
ਨਿਊਯਾਰਕ: ਰੋਹਨ ਬੋਪੰਨਾ ਦੀ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਹਾਰ ਨਾਲ ਹੀ ਯੂਐੱਸ ਓਪਨ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਭਾਰਤ ਦਾ ਸਫ਼ਰ ਖ਼ਤਮ ਹੋ ਗਿਆ। ਭਾਰਤ ਦੇ ਚੋਟੀ ਦੀ ਰੈਂਕਿੰਗ ਵਾਲੇ ਡਬਲਜ਼ ਖਿਡਾਰੀ ਬੋਪੰਨਾ ਅਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ 15ਵਾਂ ਦਰਜਾ ਪ੍ਰਾਪਤ ਬਰਤਾਨੀਆ ਦੇ ਨੀਲ ਸਕੁਪਸਕੀ ਅਤੇ ਜੇਮੀ ਮਰੇ ਨੇ ਦੂਜੇ ਗੇੜ ਵਿੱਚ 6-3, 6-4 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਬੋਪੰਨਾ ਅਤੇ ਅਮਰੀਕਾ ਦੀ ਅਬੀਗੇਲ ਸਪੀਅਰਜ਼ ਨੂੰ ਫਰਾਂਸ ਦੇ ਫੇਬਰਾਈਸ ਮਾਰਟਿਨ ਅਤੇ ਅਮਰੀਕਾ ਦੀ ਰਾਕੇਲ ਅਤਾਵੋ ਦੀ ਜੋੜੀ ਨੇ 7-5, 7-6 ਨਾਲ ਸ਼ਿਕਸਤ ਦਿੱਤੀ। ਲਿਏਂਡਰ ਪੇਸ ਅਤੇ ਦਿਵਿਜ ਸ਼ਰਨ ਪਹਿਲੇ ਹੀ ਗੇੜ ’ਚੋਂ ਬਾਹਰ ਹੋ ਚੁੱਕੇ ਹਨ। ਸਿੰਗਲਜ਼ ਵਿੱਚ ਸੁਮਿਤ ਨਾਗਲ ਅਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲੇ ਗੇੜ ਵਿੱਚ ਕ੍ਰਮਵਾਰ ਰੋਜਰ ਫੈਡਰਰ ਅਤੇ ਡੇਨਿਲ ਮੈਦਵੇਦੇਵ ਤੋਂ ਹਾਰ ਝੱਲਣੀ ਪਈ ਸੀ।