ਪੈਰਿਸ, 4 ਜੂਨ
ਨੋਵਾਕ ਜੋਕੋਵਿਚ ਨੇ ਅੱਜ ਇੱਥੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਲਗਾਤਾਰ ਦਸਵੀਂ ਵਾਰ ਪਹੁੰਚਣ ਦਾ ਰਿਕਾਰਡ ਬਣਾਇਆ, ਜਦੋਂਕਿ ਜਾਪਾਨ ਦਾ ਕੇਈ ਨਿਸ਼ੀਕੋਰੀ ਵੀ ਆਖ਼ਰੀ ਅੱਠ ਵਿੱਚ ਪਹੁੰਚ ਗਿਆ ਹੈ, ਜਿੱਥੇ ਉਸ ਨੂੰ ਕਲੇਅ ਕੋਰਟ ਦੀ ਸਭ ਤੋਂ ਵੱਡੀ ਚੁਣੌਤੀ ਮੰਨੇ ਜਾਣ ਵਾਲੇ ਰਾਫੇਲ ਨਡਾਲ ਨਾਲ ਭਿੜਨਾ ਪਵੇਗਾ।
ਚੋਟੀ ਦਾ ਦਰਜਾ ਪ੍ਰਾਪਤ ਅਤੇ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਜੋਕੋਵਿਚ ਨੇ ਜੌਹਨ ਲੇਨਾਰਡ ਸਟਰਫ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ 6-3, 6-2, 6-2 ਨਾਲ ਹਰਾ ਕੇ ਦੂਜੀ ਵਾਰ ਇਕੱਠੇ ਚਾਰ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਪੈਰ ਪੁੱਟ ਲਏ। ਹੁਣ ਉਸ ਦਾ ਸਾਹਮਣਾ ਇਟਲੀ ਦੇ ਫੈਬਿਓ ਫੋਗਨਿਨੀ ਜਾਂ ਜਰਮਨੀ ਦੇ ਅਲੈਕਜ਼ੈਂਡਰ ਜ਼ੈਵੇਰੇਵ ਨਾਲ ਹੋਵੇਗਾ। ਜੋਕੋਵਿਚ ਤੋਂ ਪਹਿਲਾਂ ਸਿਰਫ਼ ਆਸਟਰੇਲਿਆਈ ਖਿਡਾਰੀ ਰੌਡ ਲੀਵਰ ਨੇ ਇਕੱਠੇ ਚਾਰ ਗਰੈਂਡ ਸਲੈਮ ਜਿੱਤੇ ਸਨ।
ਜਾਪਾਨ ਦੇ ਸੱਤਵਾਂ ਦਰਜਾ ਪ੍ਰਾਪਤ ਨਿਸ਼ੀਕੋਰੀ ਨੇ ਫਰਾਂਸ ਦੇ ਬੇਨੋਈਟ ਪੀਅਰ ਨੂੰ ਕਰੀਬ ਚਾਰ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ 6-2, 6-7, 6-2, 6-7, 7-5 ਨਾਲ ਹਰਾਇਆ। ਮਹਿਲਾਵਾਂ ਦੇ ਵਰਗ ਵਿੱਚ ਅਮਰੀਕਾ ਦੀ 14ਵਾਂ ਦਰਜਾ ਪ੍ਰਾਪਤ ਮੈਡੀਸਨ ਕੀਅਜ਼ ਨੇ ਕੈਟਰੀਨਾ ਸਿਨੀਕੋਵਾ ਨੂੰ 6-2, 6-4 ਨਾਲ ਹਰਾ ਕੇ ਆਖ਼ਰੀ-ਅੱਠ ਵਿੱਚ ਥਾਂ ਪੱਕੀ ਕੀਤੀ। ਕੀਅਜ਼ ਅਗਲੇ ਗੇੜ ਵਿੱਚ ਆਸਟਰੇਲੀਆ ਦੀ ਅੱਠਵਾਂ ਦਰਜਾ ਪ੍ਰਾਪਤ ਐਸ਼ਲੇ ਬਾਰਟੀ ਨਾਲ ਭਿੜੇਗੀ।