ਚਮਕੌਰ ਸਾਹਿਬ, 11 ਨਵੰਬਰ
ਭਾਰਤੀ ਜੂਨੀਅਰ ਨਿਸ਼ਾਨਚੀ ਜੈਸਮੀਨ ਕੌਰ ਨੇ 14ਵੀ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਦਸ ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ। ਨੇੜਲੇ ਪਿੰਡ ਝੱਲੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਨੇ ਦੋਹਾ (ਕਤਰ) ਵਿੱਚ ਚੱਲ ਰਹੀ ਚੈਂਪੀਅਨਸ਼ਿਪ ਦੇ ਯੂਥ ਕੈਟਾਗਰੀ ਮੁਕਾਬਲੇ ਵਿੱਚ ਚੀਨੀ ਨਿਸ਼ਾਨਬਾਜ਼ਾਂ ਨੂੰ ਪਛਾੜ ਦਿੱਤਾ। ਜੈਸਮੀਨ ਤੇ ਹੋਰ ਨਿਸ਼ਾਨੇਬਾਜ਼ਾਂ ਦੀ ਟੀਮ ਨੇ ਭਾਰਤ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ।
ਨਿਸ਼ਾਨੇਬਾਜ਼ੀ ਕੋਚ ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਜੈਸਮੀਨ ਕੌਰ ਪਹਿਲਾਂ ਵੀ ਕੌਮੀ ਨਿਸ਼ਾਨੇਬਾਜ਼ੀ ਦੌਰਾਨ ਤਗ਼ਮੇ ਜਿੱਤ ਚੁੱਕੀ ਹੈ। ਉਹ ਕੇਂਦਰ ਸਰਕਰ ਦੀ ਖੇਲੋ ਇੰਡੀਆ ਟੀਮ ਦਾ ਹਿੱਸਾ ਹੈ। ਪੰਜਾਬ ਸਕੂਲ ਖੇਡਾਂ ਵਿੱਚੋਂ ਅੱਵਲ ਆਉਣ ਕਾਰਨ ਜੈਸਮੀਨ ਦੀ ਕੌਮੀ ਮੁਕਾਬਲਿਆਂ ਲਈ ਚੋਣ ਹੋਈ ਹੈ। ਜੈਸਮੀਨ ਨੇ ਸੋਨ ਤਗ਼ਮਾ ਜਿੱਤ ਕੇ ਦੇਸ਼, ਪੰਜਾਬ, ਜ਼ਿਲ੍ਹਾ ਰੂਪਨਗਰ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਇਸ ਨਿਸ਼ਾਨੇਬਾਜ਼ ਦੀ ਏਸ਼ੀਅਨ ਚੈਂਪੀਅਨਸ਼ਿਪ ਲਈ ਹੋਈ ਚੋਣ ਮੌਕੇ 19 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵਿਦਿਆਰਥਣ ਨੂੰ ਵਧਾਈ ਦਿੱਤੀ ਸੀ ਅਤੇ ਉਸ ਦੀ ਸਫ਼ਲਤਾ ਦੀ ਕਾਮਨਾ ਕੀਤੀ ਸੀ।