ਜੌਰਜਟਾਊਨ, 24 ਅਪਰੈਲ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਗੁਆਨਾ ਦੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੱਖਣੀ ਅਮਰੀਕੀ ਦੇਸ਼ ਦੀ ਵਿਕਾਸ ਯਾਤਰਾ ’ਚ ਭਾਰਤ ਦੇ ਭਾਈਵਾਲ ਬਣਨ ਦਾ ਭਰੋਸਾ ਦਿੱਤਾ। ਦੋਵਾਂ ਆਗੂਆਂ ਨੇ ਬੀਤੇ ਦਿਨ ਹੋਈ ਇਸ ਮੀਟਿੰਗ ’ਚ ਊਰਜਾ, ਆਫ਼ਤ ਪ੍ਰਬੰਧਨ ਤੇ ਰੱਖਿਆ ਖੇਤਰ ’ਚ ਦੁਵੱਲੇ ਸਹਿਯੋਗ ’ਤੇ ਚਰਚਾ ਕੀਤੀ।
ਜੈਸ਼ੰਕਰ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਇੱਥੇ ਪ੍ਰਧਾਨ ਮੰਤਰੀ ਫਿਲਿਪਸ ਤੇ ਹੋਰ ਆਗੂਆਂ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘ਅਸੀਂ ਊਰਜਾ, ਆਫਤ ਪ੍ਰਬੰਧਨ ਤੇ ਤਿਆਰੀ ਅਤੇ ਰੱਖਿਆ ਸਹਿਯੋਗ ਬਾਰੇ ਚਰਚਾ ਕੀਤੀ। ਭਾਰਤ ਗੁਆਨਾ ਦੀ ਵਿਕਾਸ ਯਾਤਰਾ ’ਚ ਉਸ ਦਾ ਭਾਈਵਾਲ ਬਣੇਗਾ।’ ਜੈਸ਼ੰਕਰ ਨੇ ਇੱਕ ਹੋਰ ਟਵੀਟ ’ਚ ਲਿਖਿਆ ਕਿ ਆਲਮੀ ਪੱਧਰ ’ਤੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਭਾਰਤ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਵਧ ਰਹੀਆਂ ਹਨ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ ਉਨ੍ਹਾਂ ਗੁਆਨਾ ਦੇ ਲੋਕ ਨਿਰਮਾਣ ਮੰਤਰੀ ਦੇਵਦੱਤ ਇੰਦਰ ਨਾਲ ‘ਈਸਟ ਬੈਂਕ-ਈਸਟ ਕੋਸਟ ਰੋਡ ਲਿੰਕੇਜ’ ਪ੍ਰਾਜੈਕਟ ਦਾ ਵੀ ਦੌਰਾ ਕੀਤਾ ਅਤੇ ਮੁਲਾਜ਼ਮਾਂ ਤੇ ਸੀਨੀਅਰ ਕਰਮਚਾਰੀਆਂ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਗੁਆਨਾ ਦੇ ਰਾਸ਼ਟਰਪਤੀ ਇਰਫਾਨ ਅਲੀ ਤੇ ਉੱਪ ਰਾਸ਼ਟਰਪਤੀ ਭਗਤ ਜਗਦੇਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਗੁਆਨਾ ’ਚ ਆਪਣੇ ਹਮਰੁਤਬਾ ਹਗ ਟੌਡ ਨਾਲ ਪੰਜਵੀਂ ਭਾਰਤ-ਗੁਆਨਾ ਸਾਂਝੀ ਕਮੇਟੀ ਦੀ ਸਹਿ-ਪ੍ਰਧਾਨਗੀ ਵੀ ਕੀਤੀ। ਇਸ ਮੀਟਿੰਗ ’ਚ ਖੇਤੀ, ਰੱਖਿਆ ਸਹਿਯੋਗ ਤੇ ਬੁਨਿਆਦੀ ਢਾਂਚਾ ਵਿਕਾਸ ਜਿਹੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਨੇ ਭਾਰਤ-ਗੁਆਨਾ ਮੂਲ ਦੇ ਕ੍ਰਿਕਟਰ ਰਾਮਨਰੇਸ਼ ਸਰਵਨ ਤੇ ਕ੍ਰਿਕਟਰ ਸਟੀਵਨ ਜੈਕਬਸ ਅਤੇ ਗੁਆਨਾ ਦੀ ਨੈਸ਼ਨਲ ਅਸੈਂਬਲੀ ਦੀ ਸਪੀਕਰ ਮੰਜ਼ੂਰ ਨਾਦਿਰ ਨਾਲ ਵੀ ਮੁਲਾਕਾਤ ਕੀਤੀ।