ਸਿਡਨੀ, 13 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਆਸਟਰੇਲਿਆਈ ਅਧਿਕਾਰੀਆਂ ਕੋਲ ਵੀਜ਼ਾ ‘ਬੈਕਲਾਗ’ ਦਾ ਮੁੱਦਾ ਚੁੱਕਿਆ ਹੈ, ਖਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਦਾ, ਜੋ ਕਰੋਨਾ ਤੋਂ ਬਾਅਦ ਦੇਸ਼ ਦੇ ਵਿਦਿਅਕ ਅਦਾਰਿਆਂ ’ਚ ਪਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਜੈਸ਼ੰਕਰ ਦੋ ਰੋਜ਼ਾ ਆਸਟਰੇਲੀਆ ਦੌਰੇ ’ਤੇ ਹਨ। ਉਨ੍ਹਾਂ ਬੀਤੇ ਦਿਨ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੈਨਬਰਾ ਵਿੱਚ ਮੈਂ ਵੱਖ-ਵੱਖ ਮੰਤਰੀਆਂ ਕੋਲ ਇਹ ਮੁੱਦਾ ਉਠਾਇਆ। ਸਾਡੇ ਵਿਦਿਆਰਥੀ ਇੱਕ ਖਾਸ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।’’
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਹਾਲਾਤ ਵਿੱਚ ਸੁਧਾਰ ਹੋਇਆ ਹੈ ਅਤੇ ਲਗਪਗ 77,000 ਭਾਰਤੀ ਵਿਦਿਆਰਥੀ ਆਸਟਰੇਲੀਆ ਪਰਤ ਆਏ ਹਨ। ਉਨ੍ਹਾਂ ਕਿਹਾ, ‘‘ਪਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਹੋ ਸਕਦੀ ਹੈ। ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਾਲ ਦੇ ਅੰਤ ਤੱਕ ਵਿਦਿਆਰਥੀਆਂ ਨਾਲ ਸਬੰਧਤ ਵੀਜ਼ਾ ਬੈਕਲਾਗ ਨਬੇੜ ਦਿੱਤਾ ਜਾਵੇਗਾ।’’ ਜੈਸ਼ੰਕਰ ਨੇ ਕਿਹਾ, ‘‘ਇਹ ਸਿਰਫ਼ ਵਿਦਿਆਰਥੀ ਨਹੀਂ, ਸਗੋਂ ਇੱਕ ਭਾਈਚਾਰਾ ਹੈ। ਇਹ ਲੋਕਾਂ ਲਈ ਯਾਤਰਾ ਕਰਨ ਦਾ ਪਰਿਵਾਰਕ ਕਾਰਨ ਵੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਵੱਡੇ ਪੱਧਰ ’ਤੇ ਸੈਰ-ਸਪਾਟੇ ਨੂੰ ਮੁੜ ਸ਼ੁਰੂ ਕਰਨ ਦਾ ਮਹੱਤਵ ਸਮਝਿਆ ਜਾ ਰਿਹਾ ਹੈ।’’ ਜ਼ਿਕਰਯੋਗ ਹੈ ਕਿ ਇਸ ਵੇਲੇ ਆਸਟਰੇਲਿਆਈ ਯੂਨੀਵਰਸਿਟੀਆਂ ਵਿੱਚ ਲਗਪਗ 1,05,000 ਵਿਦਿਆਰਥੀ ਪੜ੍ਹ ਰਹੇ ਹਨ।